DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਆਰਥੀ ਬਣਨਗੇ ਮੁੱਖ ਮੰਤਰੀ ਤੇ ਮੰਤਰੀ...

ਪੰਜਾਬ ਵਿਧਾਨ ਸਭਾ ’ਚ ‘ਵਿਦਿਆਰਥੀ ਸੈਸ਼ਨ’ 26 ਨਵੰਬਰ ਨੂੰ; ਹਰੇਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਰ ਵਿਧਾਨ ਸਭਾ ਹਲਕੇ ’ਚੋਂ ਇੱਕ-ਇਕ ਵਿਦਿਆਰਥੀ ਚੁਣ ਕੇ ਭੇਜਣ ਦੀ ਹਦਾਇਤ

  • fb
  • twitter
  • whatsapp
  • whatsapp
Advertisement
ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ‘ਵਿਦਿਆਰਥੀ ਸੈਸ਼ਨ’ ਨਵੰਬਰ ’ਚ ਹੋਵੇਗਾ, ਜਿਸ ’ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਤੌਰ ਮੈਂਬਰ ਸ਼ਮੂਲੀਅਤ ਕਰਨਗੇ। ਵਿਧਾਨ ਸਭਾ ’ਚ ਪਹਿਲੀ ਵਾਰ ‘ਮੌਕ ਸੈਸ਼ਨ’ ਦਾ ਤਜਰਬਾ ਹੋਵੇਗਾ ਅਤੇ ਆਮ ਇਜਲਾਸ ਵਾਂਗ ਪੂਰਾ ਦਿਨ ਇਹ ਸੈਸ਼ਨ ਚੱਲੇਗਾ। ਫ਼ਿਲਹਾਲ ਇਹ ‘ਵਿਦਿਆਰਥੀ ਸੈਸ਼ਨ’ 26 ਨਵੰਬਰ ਨੂੰ ਸੱਦਣ ਦਾ ਫ਼ੈਸਲਾ ਹੋਇਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਤੋਂ ਹੀ ‘ਵਿਦਿਆਰਥੀ ਸੈਸ਼ਨ’ ਦੀ ਤਿਆਰੀ ਵਿੱਢ ਦਿੱਤੀ ਹੈ।

ਸ੍ਰੀ ਸੰਧਵਾਂ ਨੇ ਅੱਜ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਵਰਚੁਅਲੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਰ ਵਿਧਾਨ ਸਭਾ ਹਲਕੇ ’ਚੋਂ ਇੱਕ-ਇਕ ਵਿਦਿਆਰਥੀ ਚੁਣ ਕੇ ਭੇਜਣ ਲਈ ਕਿਹਾ ਗਿਆ। ਮੌਜੂਦਾ ਵਿਧਾਨ ਸਭਾ ਦੇ ਮੈਂਬਰਾਂ ਦੀ ਤਰਜ਼ ’ਤੇ ਹਰ ਹਲਕੇ ’ਚੋਂ ਇੱਕ ਵਿਦਿਆਰਥੀ ਦੀ ਚੋਣ ਹੋਵੇਗੀ। ਹਲਕਾ ਧੂਰੀ ’ਚੋਂ ਚੁਣੇ ਜਾਣ ਵਾਲੇ ਵਿਦਿਆਰਥੀ ਨੂੰ ਮੁੱਖ ਮੰਤਰੀ ਦੀ ਭੂਮਿਕਾ ਦਿੱਤੀ ਜਾਵੇਗੀ ਜਦੋਂਕਿ ਕਾਦੀਆਂ ’ਚੋਂ ਚੁਣੇ ਵਿਦਿਆਰਥੀ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਮਿਲੇਗੀ।

Advertisement

‘ਵਿਦਿਆਰਥੀ ਸੈਸ਼ਨ’ ’ਚ ਨਿਰੋਲ ਰੂਪ ਵਿੱਚ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀ ਸ਼ਾਮਲ ਹੋਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੌਜੂਦਾ ਵਿਧਾਨ ਸਭਾ ਦੇ ਮੈਂਬਰਾਂ ਵਾਂਗ ਹੀ ਹਰ ਹਲਕੇ ’ਚੋਂ ਚੇਤੰਨ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇ, ਜਿਸ ਵਿਧਾਨ ਸਭਾ ਹਲਕੇ ’ਚੋਂ ਮਹਿਲਾ ਵਿਧਾਇਕ ਹਨ, ਉਸ ਹਲਕੇ ’ਚੋਂ ਵਿਦਿਆਰਥਣ ਦੀ ਚੋਣ ਕੀਤੀ ਜਾਵੇਗੀ ਅਤੇ ਰਾਖਵੇਂ ਹਲਕੇ ’ਚੋਂ ਐੱਸ ਸੀ ਵਰਗ ਨਾਲ ਸਬੰਧਤ ਵਿਦਿਆਰਥੀ ਨੂੰ ਚੁਣ ਕੇ ਭੇਜਿਆ ਜਾਵੇਗਾ।

Advertisement

ਵਿਰੋਧੀ ਧਿਰ ਦੇ ਮੈਂਬਰਾਂ ਵਾਲੇ ਹਲਕਿਆਂ ਦੇ ਚੁਣੇ ਵਿਦਿਆਰਥੀ ਵਿਸ਼ੇਸ਼ ਸੈਸ਼ਨ ਦੌਰਾਨ ਵਿਰੋਧੀ ਧਿਰ ਵਾਲੇ ਬੈਂਚਾਂ ’ਤੇ ਬੈਠਣਗੇ, ਜਿਨ੍ਹਾਂ ਹਲਕਿਆਂ ’ਚੋਂ ਇਸ ਵੇਲੇ ‘ਆਪ’ ਦੇ ਵਿਧਾਇਕ ਹਨ, ਉਨ੍ਹਾਂ ਹਲਕਿਆਂ ’ਚੋਂ ਚੁਣੇ ਜਾਣ ਵਾਲੇ ਵਿਦਿਆਰਥੀ ਸੱਤਾਧਾਰੀ ਧਿਰ ਦੀ ਭੂਮਿਕਾ ’ਚ ਰਹਿਣਗੇ, ਜਿਨ੍ਹਾਂ ਵਿਧਾਨ ਸਭਾ ਹਲਕਿਆਂ ’ਚੋਂ ਚੁਣੇ ਵਿਧਾਇਕ ਮੌਜੂਦਾ ਵਜ਼ਾਰਤ ’ਚ ਵਜ਼ੀਰ ਹਨ, ਉਨ੍ਹਾਂ ਹਲਕਿਆਂ ’ਚੋਂ ਚੁਣੇ ਵਿਦਿਆਰਥੀ ਸਬੰਧਤ ਵਜ਼ੀਰ ਦੀ ਭੂਮਿਕਾ ਵਿੱਚ ਹੋਣਗੇ।

ਹਲਕਾ ਕੋਟਕਪੂਰਾ ’ਚੋਂ ਜਿਸ ਵਿਦਿਆਰਥੀ ਦੀ ਚੋਣ ਹੋਵੇਗੀ, ਉਹ ‘ਵਿਦਿਆਰਥੀ ਸੈਸ਼ਨ’ ’ਚ ਸਪੀਕਰ ਦੀ ਭੂਮਿਕਾ ਨਿਭਾਏਗਾ। ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ‘ਵਿਦਿਆਰਥੀ ਸੈਸ਼ਨ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਮੁੱਚੇ ਪੰਜਾਬ ’ਚੋਂ 117 ਵਿਦਿਆਰਥੀ ਫਾਈਨਲ ਕੀਤੇ ਜਾਣਗੇ, ਜਿਨ੍ਹਾਂ ਨੂੰ ਵਿਧਾਨ ਸਭਾ ਸਟਾਫ਼ ਤਰਫ਼ੋਂ ਨਿਯਮਾਂ ਬਾਰੇ ਪੂਰੀ ਸਿਖਲਾਈ ਦਿੱਤੀ ਜਾਵੇਗੀ। ਬਕਾਇਦਾ ਸਿਖਲਾਈ ਕੈਂਪ ਵੀ ਲਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਣਾ ਨੇ ਦੱਸਿਆ ਕਿ ‘ਵਿਦਿਆਰਥੀ ਸੈਸ਼ਨ’ ਲਈ ਲੋੜੀਂਦੇ ਇੰਤਜ਼ਾਮ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਵਿਧਾਨਕ ਚਿਣਗ ਲਾਏਗਾ ਸੈਸ਼ਨ: ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਵਿਦਿਆਰਥੀ ਸੈਸ਼ਨ’ ਕਰਾਏ ਜਾਣ ਦਾ ਇੱਕੋ-ਇਕ ਮਕਸਦ ਹੈ ਕਿ ਨਵੀਂ ਪੀੜ੍ਹੀ ’ਨੂੰ ਲੋਕ ਰਾਜ ਦੇ ਪ੍ਰਬੰਧਾਂ ਅਤੇ ਵਿਧਾਨਕ ਪ੍ਰਕਿਰਿਆ ਤੋਂ ਜਾਣੂ ਕਰਾਇਆ ਜਾਵੇ। ਜਮਹੂਰੀ ਕਦਰਾਂ-ਕੀਮਤਾਂ ਬਾਰੇ ਚੇਤੰਨ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਦੇ ਉਭਾਰ ਲਈ ਅਜਿਹੇ ‘ਵਿਦਿਆਰਥੀ ਸੈਸ਼ਨ’ ਸਹਾਈ ਹੁੰਦੇ ਹਨ ਅਤੇ ਸਿਆਸਤ ’ਚ ਸਰਗਰਮ ਭਾਗੀਦਾਰੀ ਲਈ ਰਾਹ ਖੋਲ੍ਹਦੇ ਹਨ।

Advertisement
×