ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਪ੍ਰਦਰਸ਼ਨ ਕਰਦਿਆਂ ‘ਖਾਲੀ ਦੀਵਾਲੀ’ ਮਨਾਈ। ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਨੇ ਕਾਲੇ ਚੋਲੇ ਪਾ ਕੇ ਅਤੇ ਹੱਥਾਂ ਵਿੱਚ ਖਾਲੀ ਦੀਵੇ ਫੜ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ‘ਮਾਨਾਂ ਸਾਡੀ ਦੇਖ ਦੀਵਾਲੀ, ਬੋਝੇ ਖਾਲੀ ਦੀਵੇ ਖਾਲੀ’ ਦੇ ਨਾਅਰਿਆਂ ਨਾਲ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਜਲਦੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਬੇਰੁਜ਼ਗਾਰਾਂ ਨੇ ਪ੍ਰਦਰਸ਼ਨ ਸਮਾਪਤ ਕੀਤਾ।
ਜਾਣਕਾਰੀ ਅਨੁਸਾਰ ਇਹ ਬੇਰੁਜ਼ਗਾਰ ਨੌਜਵਾਨ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਉੱਥੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਰੁਜ਼ਗਾਰ ਦੇਣ ਦੇ ਦਾਅਵਿਆਂ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਰਚੇ ਦੇ ਸੂਬਾ ਕਨਵੀਨਰਾਂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਨਿਯਮਤ ਅਸਾਮੀ ਨਹੀਂ ਕੱਢੀ ਗਈ। ਇਸ ਕਾਰਨ ਹਜ਼ਾਰਾਂ ਯੋਗ ਬੇਰੁਜ਼ਗਾਰ ਉਮਰ ਹੱਦ ਪਾਰ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੇ ਦੀਵਿਆਂ ਵਿੱਚ ਨਾ ਤੇਲ ਹੈ ਅਤੇ ਨਾ ਹੀ ਬੱਤੀਆਂ। ਇਸ ਲਈ ਅਸੀਂ ਇਸ ਤਿਉਹਾਰ ’ਤੇ ‘ਖਾਲੀ ਦੀਵਾਲੀ’ ਮਨਾਉਣ ਲਈ ਮਜਬੂਰ ਹਾਂ।’’
ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਵਿਚ ਨੌਕਰੀਆਂ ਕੱਢੀਆਂ ਜਾਣ, ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਮਾਸਟਰ ਕੇਡਰ ਵਿਚ 55 ਫੀਸਦੀ ਲਾਜ਼ਮੀ ਅੰਕਾਂ ਵਾਲੀ ਸ਼ਰਤ ਰੱਦ ਕੀਤੀ ਜਾਵੇ, ਲੈਕਚਰਾਰ ਦੀਆਂ ਰੱਦ ਕੀਤੀਆਂ 343 ਅਸਾਮੀਆਂ ਵਿਚ ਬਾਕੀ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਸਾਰੇ ਵਿਸ਼ਿਆਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ, ਆਰਟ ਐਂਡ ਕਰਾਫਟ ਦੀ ਭਰਤੀ ਨੇਪਰੇ ਚੜ੍ਹਾਈ ਜਾਵੇ, ਮਲਟੀਪਰਪਜ਼ ਦੀਆਂ 270 ਅਸਾਮੀਆਂ ’ਚ ਉਮਰ ਹੱਦ ਦੀ ਛੋਟ ਦਿੱਤੀ ਜਾਵੇ ਅਤੇ ਸਹਾਇਕ ਪ੍ਰੋਫੈਸਰਾਂ ਦੀਆਂ 645 ਅਸਾਮੀਆਂ ਭਰੀਆਂ ਜਾਣ। ਉਨ੍ਹਾਂ 2 ਨਵੰਬਰ ਨੂੰ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਵੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਪੱਕਾ, ਮੁਨੀਸ਼ ਕੁਮਾਰ ਟੈਂਕੀ ਵਾਲਾ, ਸੰਦੀਪ ਮੋਫ਼ਰ, ਮੱਖਣ ਸਿੰਘ ਤੋਗਾਵਾਲ, ਹਰਵਿੰਦਰ ਸਿੰਘ ਬਠਿੰਡਾ, ਰੁਪਿੰਦਰ ਸੁਨਾਮ, ਨਿਰਮਲ ਮੋਗਾ ਤੇ ਹੋਰ ਹਾਜ਼ਰ ਸਨ।