ਬੇਰੁਜ਼ਗਾਰ ਖਿਡਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੁਲਾਈ
ਖੇਡਾਂ ’ਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਪੰਜਾਬ ਦੇ ਬੇਰੁਜ਼ਗਾਰ ਖਿਡਾਰੀਆਂ ਵੱਲੋਂ ਨੌਕਰੀ ਲਈ ਗਲਾਂ ਵਿੱਚ ਤਗ਼ਮੇ ਪਾ ਕੇ ਇੱਥੇ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ’ਤੇ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਖਿਡਾਰੀ ਮੁੱਖ ਮੰਤਰੀ ਦੀ ਕੋਠੀ ਅੱਗੇ ਮੁਜ਼ਾਹਰਾ ਕਰਨ ਪੁੱਜੇ ਸਨ ਪਰ ਜਿਉਂ ਹੀ ਖਿਡਾਰੀਆਂ ਵੱਲੋਂ ਬੀਐੱਸਐੱਨਐੱਲ ਪਾਰਕ ਤੋਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਸ਼ੁਰੂ ਕੀਤਾ ਗਿਆ ਤਾਂ ਪ੍ਰਸ਼ਾਸਨ ਨੇ ਖਿਡਾਰੀਆਂ ਨਾਲ ਗੱਲਬਾਤ ਕਰ ਕੇ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਸਕੱਤਰ ਨਵਰਾਜ ਸਿੰਘ ਬਰਾੜ ਨਾਲ 9 ਜੁਲਾਈ ਦੀ ਮੀਟਿੰਗ ਤੈਅ ਕਰਵਾ ਦਿੱਤੀ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਮੁਜ਼ਾਹਰੇ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਅੱਜ ਪੰਜਾਬ ਭਰ ਤੋਂ ਖਿਡਾਰੀ ਸ਼ਹਿਰ ਦੇ ਬੀਐੱਸਐੱਨਐੱਲ ਪਾਰਕ ਵਿੱਚ ਇਕੱਠੇ ਹੋਏ ਜਿਥੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ।
ਇਸ ਮੌਕੇ ਹੈਂਡਬਾਲ ਖ਼ਿਡਾਰੀ ਹਰਮਨ ਸਿੰਘ, ਕਿੱਕ ਬਾਕਸਿੰਗ ਖਿਡਾਰੀ ਸੁਖਪ੍ਰੀਤ ਸਿੰਘ, ਸਾਈਕਲਿਸਟ ਬਲਜੀਤ ਸਿੰਘ, ਜੂਡੋ ਖਿਡਾਰੀ ਜਤਿਨ ਕੁਮਾਰ, ਤੈਰਾਕ ਮੋਨਿਕਾ, ਪਰਨੀਤ ਕੌਰ ਅਤੇ ਪੂਜਾ ਰਾਣੀ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਖਿਡਾਰੀਆਂ ਨੇ ਕਰੀਬ 15-15 ਸਾਲ ਮਿਹਨਤ ਕਰਕੇ ਖੇਡਾਂ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੋਨ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਪਰ ਇਸ ਦੇ ਬਾਵਜੂਦ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵਿੱਚ ਖੇਡ ਕੋਟੇ ਦੇ ਖਿਡਾਰੀਆਂ ਲਈ ਪਿਛਲੇ 9 ਸਾਲਾਂ ਤੋਂ ਕੋਈ ਅਸਾਮੀ ਨਹੀਂ ਕੱਢੀ ਗਈ ਜਿਸ ਕਾਰਨ ਖਿਡਾਰੀਆਂ ’ਚ ਰੋਸ ਹੈ।
ਉਨ੍ਹਾਂ ਮੰਗ ਕੀਤੀ ਕਿ ਨੌਕਰੀਆਂ ’ਚ ਖੇਡ ਕੋਟਾ 3 ਫ਼ੀਸਦੀ ਤੋਂ ਵਧਾ ਕੇ 8 ਫ਼ੀਸਦੀ ਕੀਤਾ ਜਾਵੇ, ਨੌਕਰੀ ’ਚ ਲਿਖਤੀ ਪ੍ਰੀਖਿਆ ਤੋਂ ਛੋਟ ਦੇ ਕੇ ਖੇਡ ਪ੍ਰਾਪਤੀਆਂ ਅਨੁਸਾਰ ਤਰਜੀਹ ਦਿੱਤੀ ਜਾਵੇ, ਕੁਝ ਖੇਡਾਂ ਨੂੰ ਸਰਕਾਰੀ ਨੌਕਰੀ ’ਚ ਤਰਜੀਹ ਨਹੀਂ ਦਿੱਤੀ ਜਾਂਦੀ, ਜਿਸ ਵੱਲ ਗੌਰ ਕੀਤੀ ਜਾਵੇ, ਸਾਰੇ ਵਿਭਾਗਾਂ ਵਿੱਚ ਖੇਡ ਕੋਟੇ ਦੀਆਂ ਅਸਾਮੀਆਂ ਹਰ ਸਾਲ ਕੱਢੀਆਂ ਜਾਣ, ਲੰਮੇ ਸਮੇਂ ਤੋਂ ਖੇਡ ਕੋਟੇ ਦੀ ਭਰਤੀ ਨਾ ਹੋਣ ਕਾਰਨ ਉਮਰ ਲੰਘਾ ਚੁੱਕੇ ਖਿਡਾਰੀਆਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ, ਭਾਜਪਾ ਖੇਡ ਵਿੰਗ ਦੇ ਆਗੂ ਕਰਮ ਸਿੰਘ ਲਹਿਲ, ਕੌਂਸਲਰ ਸਤਿੰਦਰ ਸੈਣੀ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਆਦਿ ਨੇ ਪੁੱਜ ਕੇ ਖਿਡਾਰੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ।