ਗੁਰਬਖਸ਼ਪੁਰੀ
ਰੁਜ਼ਗਾਰ ਦੀ ਮੰਗ ਲਈ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਆਗੂ ਮੁਨੀਸ਼ ਕੁਮਾਰ ਫ਼ਾਜ਼ਿਲਕਾ ਇੱਥੇ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਦੂਜੇ ਪਾਸੇ, ਜਥੇਬੰਦੀ ਦੇ ਹੋਰ ਆਗੂਆਂ ਨੇ ਹਸਪਤਾਲ ਦੇ ਮੁੱਖ ਗੇਟ ’ਤੇ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਰਮਨ ਕੁਮਾਰ (ਮਲੋਟ), ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ ਦੀ ਅਗਵਾਈ ਹੇਠ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵੀ ਨਵੀਂ ਪੋਸਟ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਜਦੋਂਕਿ ਦੂਜੇ ਪਾਸੇ ਯੋਗ ਬੇਰੁਜ਼ਗਾਰ ਨੌਜਵਾਨ ਉਮਰ ਦੀ ਸੀਮਾ ਪਾਰ ਕਰ ਰਹੇ ਹਨ। ਇਸ ਕਾਰਨ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਹੈ ਅਤੇ ਉਨ੍ਹਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਬਖਸ਼ੀਸ਼ ਸਿੰਘ, ਨਰਿੰਦਰ ਸ਼ਰਮਾ, ਤਰਨਵੀਰ ਸਿੰਘ, ਜਗਰੂਪ ਸਿੰਘ, ਸਰਬਜੀਤ ਕੌਰ ਜਵੰਦਾ ਅਤੇ ਜਤਿੰਦਰ ਕੌਰ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

