ਕੱਚੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ, ਬੱਸ ਅੱਡਿਆਂ ’ਤੇ ਚੱਕਾ ਜਾਮ
ਮਨੋਜ ਸ਼ਰਮਾ
ਬਠਿੰਡਾ, 9 ਜੁਲਾਈ
ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕੀਤੇ ਜਾਣ ’ਤੇ ਅੱਜ ਤੋਂ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਨੇ ਪੰਜਾਬ ਭਰ ਵਿੱਚ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਬੱਸ ਅੱਡੇ ’ਤੇ ਅੱਜ ਸਵੇਰੇ ਹੀ ਵੱਖ-ਵੱਖ ਰੂਟਾਂ ਤੇ ਜਾਣ ਵਾਲੇ ਯਾਤਰੀ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ।
ਇਸ ਦੌਰਾਨ ਯਾਤਰੀ ਵੱਲੋਂ ਨਿੱਜੀ ਬੱਸਾਂ ’ਤੇ ਸਫ਼ਰ ਕਰ ਰਹੇ ਸਨ ਪਰ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਦੌਰਾਨ ਸੂਬੇ ਵਿਚ ਨਿੱਜੀ ਟਰਾਂਸਪੋਟਰਾ ਦੇ ਵਾਰੇ-ਨਿਆਰੇ ਹੋ ਗਏ ਹੈ। ਗ਼ੌਰਤਲਬ ਹੈ ਕਿ ਬੱਸਾਂ ਬੰਦ ਹੋਣ ਕਾਰਨ ਬਠਿੰਡਾ ਡਿਪੂ ਨੂੰ ਅੰਦਾਜ਼ਨ 35 ਤੋਂ 40 ਲੱਖ ਦਾ ਘਾਟਾ ਪੈਣ ਦਾ ਅਨੁਮਾਨ ਹੈ। ਬਠਿੰਡਾ ਡਿਪੂ ’ਤੇ ਗੇਟ ਰੈਲੀ ਦੌਰਾਨ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਦੱਸਿਆ ਕਿ 1 ਜੁਲਾਈ ਨੂੰ ਮੁੱਖ ਮੰਤਰੀ ਵੱਲੋਂ ਇੱਕ ਮਹੀਨੇ ਵਿੱਚ ਮੰਗਾਂ ਦਾ ਹੱਲ ਕੱਢਣ ਦੀ ਗੱਲ ਕਹੀ ਗਈ ਸੀ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਲਗਾਤਾਰ ਠੇਕੇਦਾਰੀ ਪ੍ਰਣਾਲੀ ਰਾਹੀਂ ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ ਅਤੇ ਨਵੇਂ ਠੇਕੇਦਾਰ ਲਿਆ ਕੇ ਕੁਰੱਪਸ਼ਨ ਰਾਹੀਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਡਿੱਪੂ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਈ ਵਾਰ ਕਮੇਟੀਆਂ ਬਣਾਉਣ ਅਤੇ ਲਾਰੇ ਲਾ ਕੇ ਸਮਾਂ ਗੁਜ਼ਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ। ਉਨ੍ਹਾਂ ਐਲਾਨ ਕੀਤਾ ਕਿ 9, 10 ਅਤੇ 11 ਜੁਲਾਈ ਨੂੰ ਮੁੱਖ ਮੰਤਰੀ ਦੀ ਰਹਾਇਸ਼ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ‘ਭਾਰਤ ਬੰਦ’: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦੀ ਹੜਤਾਲ ਸ਼ੁਰੂ
ਸੈਕਟਰੀ ਅੰਗਰੇਜ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸੰਘਰਸ਼ ਸਿਰਫ਼ ਕੰਟ੍ਰੈਕਟ ਵਰਕਰਾਂ ਦਾ ਨਹੀਂ, ਸਗੋਂ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਦੀ ਲੜਾਈ ਹੈ। PSU ਲਲਕਾਰ, ਏਟਕ, ਸੀਟੂ, ਐਸਸੀਬੀਸੀ, ਕਰਮਚਾਰੀ ਦਲ, ਜਮਹੂਰੀ ਅਧਿਕਾਰ ਸਭਾ ਅਤੇ ਹੋਰ ਜਥੇਬੰਦੀਆਂ ਨੇ ਹੜਤਾਲ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਖ਼ਿਲਾਫ ਕੋਈ ਐਕਸ਼ਨ ਲਿਆ ਗਿਆ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਤਨਖਾਹਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ ਅਤੇ ਕਿਲੋਮੀਟਰ ਸਕੀਮ ਬੱਸਾਂ ਨੂੰ ਰੋਕ ਕੇ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਜਾਵੇ।