ਤਾਏ ਨੇ ਗੋਲੀ ਮਾਰ ਕੇ ਭਤੀਜੇ ਦੀ ਹੱਤਿਆ ਕੀਤੀ
ਜ਼ਮੀਨ ਦੇ ਝਗਡ਼ੇ ਕਾਰਨ ਘਟਨਾ ਨੂੰ ਅੰਜਾਮ ਦਿੱਤਾ; ਪਰਵਾਸੀ ਭਾਰਤੀ ਹੈ ਮੁਲਜ਼ਮ
ਇਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਮਾਛੀਕੇ ਵਿੱਚ ਅੱਜ ਸਵੇਰੇ ਪਰਵਾਸੀ ਭਾਰਤੀ ਨੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਆਪਣੇ ਭਤੀਜੇ ਦੀ ਕਥਿਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਆੜ੍ਹਤੀ ਸੀ।
ਡੀ ਐੱਸ ਪੀ ਨਿਹਾਲ ਸਿੰਘ ਵਾਲਾ ਅਨਵਰ ਅਲੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਮੁਖੀ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਵਦੀਪ ਸਿੰਘ ਵਾਸੀ ਪਿੰਡ ਮਾਛੀਕੇ ਅਤੇ ਮੁਲਜ਼ਮ ਦੀ ਪਛਾਣ ਬਹਾਦਰ ਸਿੰਘ ਸੇਖੋਂ ਵਜੋਂ ਹੋਈ ਹੈ। ਮੁਲਜ਼ਮ ਅਤੇ ਮ੍ਰਿਤਕ ਰਿਸ਼ਤੇ ’ਚ ਤਾਇਆ-ਭਤੀਜਾ ਸਨ। ਮੁਲਜ਼ਮ ਅਮਰੀਕਾ ਦਾ ਨਾਗਰਿਕ ਹੈ।
ਪੁਲੀਸ ਮੁਤਾਬਕ ਮੁਲਜ਼ਮ ਬਹਾਦਰ ਸਿੰਘ ਸੇਖੋਂ ਦੀ ਆਪਣੇ ਭਤੀਜੇ ਨਵਦੀਪ ਸਿੰਘ ਨਾਲ ਖੇਤ ਵਿਚ ਹੀ ‘ਤੂੰ-ਤੂੰ ਮੈਂ-ਮੈਂ’ ਹੋ ਗਈ। ਇਸ ਦੌਰਾਨ ਬਹਾਦਰ ਸਿੰਘ ਉਸ ’ਤੇ ਆਪਣੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਨਵਦੀਪ ਦੇ ਮੱਥੇ ਵਿੱਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਵਾਰਦਾਤ ਮਗਰੋਂ ਮੁਲਜ਼ਮ ਘਰ ਆ ਗਿਆ। ਇਸ ਦੌਰਾਨ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਚੌਕੀ ਇੰਚਾਰਜ ਬਿਲਾਸਪੁਰ ਜਸਵੰਤ ਸਿੰਘ ਸਰਾ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਦੀਪ ਸਿੰਘ ਆੜ੍ਹਤੀ ਸੀ। ਉਸ ਦਾ ਪਿਤਾ ਪਿੰਡ ਦਾ ਸਾਬਕਾ ਸਰਪੰਚ ਸੀ।

