ਪੱਤਰਕਾਰ ਭਾਰਤ ਭੂਸ਼ਣ ਖ਼ਿਲਾਫ਼ ਦਰਜ ਕੇਸ ਰੱਦ ਕਰਨ ਲਈ ਬਠਿੰਡਾ ਪ੍ਰੈੱਸ ਕਲੱਬ ਦੇ ਡੀਸੀ ਨੂੰ ਅਲਟੀਮੇਟਮ
ਅਮਰ ਉਜਾਲਾ ਦੇ ਪੱਤਰਕਾਰ ਭਾਰਤ ਭੂਸ਼ਣ ਮਿੱਤਲ ਖ਼ਿਲਾਫ਼ ਦਰਜ ਮਾਮਲਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਬਠਿੰਡਾ ਪ੍ਰੈੱਸ ਕਲੱਬ ਦੇ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ 48 ਘੰਟਿਆਂ ਦੇ...
ਅਮਰ ਉਜਾਲਾ ਦੇ ਪੱਤਰਕਾਰ ਭਾਰਤ ਭੂਸ਼ਣ ਮਿੱਤਲ ਖ਼ਿਲਾਫ਼ ਦਰਜ ਮਾਮਲਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਬਠਿੰਡਾ ਪ੍ਰੈੱਸ ਕਲੱਬ ਦੇ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਮੁਲਾਕਾਤ ਕੀਤੀ।
ਵਫ਼ਦ ਨੇ ਚਿਤਾਵਨੀ ਦਿੱਤੀ ਕਿ ਜੇਕਰ 48 ਘੰਟਿਆਂ ਦੇ ਅੰਦਰ ਕੇਸ ਵਾਪਸ ਨਾ ਲਿਆ ਗਿਆ ਤਾਂ ਪੱਤਰਕਾਰ ਭਾਈਚਾਰਾ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ।
ਪ੍ਰੈੱਸ ਕਲੱਬ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਇਸ ਮੁਲਾਕਾਤ ਦੌਰਾਨ ਸੀਨੀਅਰ ਉਪ ਪ੍ਰਧਾਨ ਸੁਖਮੀਤ ਸਿੰਘ ਭਸੀਨ, ਜਨਰਲ ਸਕੱਤਰ ਸਵਰਨ ਸਿੰਘ ਦਾਨੇਵਾਲੀਆ, ਸੰਯੁਕਤ ਸਕੱਤਰ ਬਿਕਰਮ ਬਿੰਨੀ, ਐਡੀਸ਼ਨਲ ਸੈਕਟਰੀ ਕੁਲਬੀਰ ਬੀਰਾ ਅਤੇ ਸੈਕਟਰੀ ਗੁਰਤੇਜ ਸਿੰਘ ਸਿੱਧੂ ਸਮੇਤ ਕਈ ਪੱਤਰਕਾਰ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਭਾਰਤ ਭੂਸ਼ਣ ਨੇ ਗੋਡਿਆਂ ਦੀ ਸਰਜਰੀ ਵਿੱਚ ਹੋਏ ਵੱਡੇ ਘੁਟਾਲੇ ਸਬੰਧੀ ਆਰਟੀਆਈ ਪਾਈ ਸੀ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਮੁਹੱਈਆ ਕਰਨ ਦੀ ਬਜਾਏ ਉਕਤ ਮਾਮਲੇ ਬਾਰੇ ਖ਼ਬਰ ਪ੍ਰਕਾਸ਼ਿਤ ਕਰਨ ਉਪਰੰਤ, ਉਸਦੇ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ ਗਿਆ।
ਵਫ਼ਦ ਨੇ ਡਿਪਟੀ ਕਮਿਸ਼ਨਰ ਕੋਲ ਮੰਗ ਰੱਖੀ ਕਿ ਪੱਤਰਕਾਰ ਖ਼ਿਲਾਫ਼ ਕੀਤਾ ਕੇਸ ਤੁਰੰਤ ਰੱਦ ਕਰਕੇ ਉਸਨੂੰ ਇਨਸਾਫ਼ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਕੇਸ ਦੀ ਪੂਰੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।