ਯੂੁ ਐੱਫ ਟੀ ਯੂ ਲੇਬਰ ਕੋਡਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੇਗੀ
ਜਥੇਬੰਦੀ ਵੱਲੋਂ 7 ਦਸੰਬਰ ਨੂੰ ਕਨਵੈਨਸ਼ਨ ਦਾ ਫ਼ੈਸਲਾ
ਗੁਰਿੰਦਰ ਸਿੰਘ
ਯੂਨਾਈਟਿਡ ਫਰੰਟ ਆਫ਼ ਟਰੇਡ ਯੂਨੀਅਨਜ਼ ਨੇ ਚਾਰ ਲੇਬਰ ਕੋਡਾਂ ਦੇ ਨੋਟੀਫਿਕੇਸ਼ਨ ਜਾਰੀ ਹੋਣ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ 26 ਨਵੰਬਰ ਨੂੰ ਉਕਤ ਕਾਨੂੰਨਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫ਼ੂਕਣ ਦਾ ਫ਼ੈਸਲਾ ਕੀਤਾ ਹੈ। ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਕੇਵਲ ਸਿੰਘ ਬਨਵੈਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਏਟਕ, ਸੀਟੂ, ਇੰਟਕ ਅਤੇ ਸੀ ਟੀ ਯੂ ਪੰਜਾਬ ਦੇ ਆਗੂਆਂ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਨੋਟੀਫਿਕੇਸ਼ਨ ਫੂਕਣ ਮੌਕੇ ਕੇਂਦਰ ਸਰਕਾਰ ਤੇ ਉਸ ਦਾ ਪੱਖ ਪੂਰਨ ਵਾਲੀ ਯੂਨੀਅਨ ਬੀ ਐੱਮ ਐੱਸ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਖ਼ਿਲਾਫ਼ ਮਿਹਨਤਕਸ਼ ਲੋਕਾਂ ਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੈਂਫਲੇਟ ਜਾਰੀ ਕੀਤਾ ਜਾਵੇਗਾ। ਇਸੇ ਲੜੀ ਤਹਿਤ 7 ਦਸੰਬਰ ਨੂੰ ਕਨਵੈਨਸ਼ਨ ਕੀਤੀ ਜਾਵੇਗੀ। ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਜੀ ਐੱਸ ਟੀ ਲਾਗੂ ਕਰਨ ਵੇਲੇ ਇਸ ਨੂੰ ਬਹੁਤ ਵੱਡੀ ਉਪਲਬਧੀ ਵਜੋਂ ਪੇਸ਼ ਕੀਤਾ ਸੀ ਤੇ ਫਿਰ ਇਸ ਨੂੰ ਘਟਾਉਣ ਲਈ ਕੀਤੇ ਐਲਾਨਾਂ ਨੂੰ ਵੀ ਆਪਣੇ ਜਿੱਤ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਨ ਵੇਲੇ ਉਨ੍ਹਾਂ ਦੇ ਕਈ ਫਾਇਦੇ ਗਿਣਾਏ ਗਏ ਪਰ ਲੋਕਾਂ ਦੇ ਵਿਰੋਧ ਕਾਰਨ ਉਹ ਵਾਪਸ ਲੈਣੇ ਪਏ, ਠੀਕ ਉਸੇ ਤਰ੍ਹਾਂ ਹੁਣ ਇਹ ਚਾਰ ਕਾਲੇ ਲੇਬਰ ਕੋਡ ਵੀ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਮੀਟਿੰਗ ਵਿੱਚ ਐੱਮ ਐੱਸ ਭਾਟੀਆ, ਗੁਰਜੀਤ ਸਿੰਘ ਜਗਪਾਲ, ਜੋਗਿੰਦਰ ਰਾਮ, ਜਗਦੀਸ਼ ਚੰਦ, ਕੇਵਲ ਸਿੰਘ ਬਣਵੈਤ, ਪਰਮਜੀਤ ਸਿੰਘ ਅਤੇ ਬਲਰਾਮ ਸਿੰਘ ਸ਼ਾਮਲ ਹੋਏ।

