‘ਟਾਈਟਲਰ ਨੇ ਸਿੱਖਾਂ ਨੂੰ ਲੁੱਟਣ-ਮਾਰਨ ਲਈ ਭੜਕਾਇਆ’
ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਉੱਤਰੀ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰਾ ਮਾਮਲੇ ਦੀ ਚਸ਼ਮਦੀਦ ਗਵਾਹ ਨੇ ਅੱਜ ਦਿੱਲੀ ਦੀ ਅਦਾਲਤ ’ਚ ਪੇਸ਼ ਹੋ ਕੇ ਕਿਹਾ ਕਿ ਉਸ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਭੀੜ ਨੂੰ ਭੜਕਾਉਂਦਿਆਂ ਉਨ੍ਹਾਂ ਨੂੰ ‘ਸਿੱਖਾਂ ਨੂੰ ਲੁੱਟਣ ਅਤੇ ਮਾਰਨ’ ਲਈ ਉਕਸਾਉਂਦਿਆਂ ਦੇਖਿਆ ਸੀ। 70 ਸਾਲਾ ਹਰਪਾਲ ਕੌਰ ਬੇਦੀ ਨੇ ਦਾਅਵਾ ਕੀਤਾ ਕਿ ਉਹ ਆਪਣੇ ਇਕਲੌਤੇ ਪੁੱਤ ਦੀ ਜਾਨ ਤੋਂ ਡਰਦੀ ਚੁੱਪ ਰਹੀ ਅਤੇ 2016 ਵਿੱਚ ਪੁੱਤਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸੀਬੀਆਈ ਅੱਗੇ ਟਾਈਟਲਰ ਬਾਰੇ ਕੁੱਝ ਬੋਲੀ। ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਅੱਜ ਹਰਪਾਲ ਕੌਰ ਦੇ ਬਿਆਨ ਦਰਜ ਕੀਤੇ ਹਨ। ਹਰਪਾਲ ਕੌਰ ਨੇ ਕਿਹਾ, ‘ਜਦੋਂ ਮੈਂ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ਼ ਸਾਹਮਣੇ ਫੁੱਟਪਾਥ ’ਤੇ ਖੜ੍ਹੀ ਸੀ ਤਾਂ ਮੈਂ ਜਗਦੀਸ਼ ਟਾਈਟਲਰ (ਜੋ) ਨੂੰ ਚਿੱਟੇ ਰੰਗ ਦੀ ਅੰਬੈਸਡਰ ਕਾਰ ਵਿੱਚ ਚੱਕਰ ਲਾਉਂਦੇ ਦੇਖਿਆ। ਬਾਅਦ ਵਿੱਚ ਉਹ ਗੁਰਦੁਆਰਾ ਪੁਲ ਬੰਗਸ਼ ਸਾਹਮਣੇ ਰੁਕਿਆ। ਟਾਈਟਲਰ ਤੇ ਤਿੰਨ ਹੋਰ ਵਿਅਕਤੀ ਕਾਰ ’ਚੋਂ ਬਾਹਰ ਆਏ। ਇਸ ਦੌਰਾਨ ਉਸ ਨੇ ਉੱਥੇ ਖੜ੍ਹੀ ਭੀੜ ਨੂੰ ਸਿੱਖਾਂ ਨੂੰ ਲੁੱਟਣ ਅਤੇ ਮਾਰਨ ਲਈ ਭੜਕਾਇਆ।’ -ਪੀਟੀਆਈ