ਮਜੀਠਾ ਨੇੜੇ ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ
ਲਖਨਪਾਲ ਸਿੰਘ
ਮਜੀਠਾ, 26 ਫਰਵਰੀ
ਕਸਬਾ ਮਜੀਠਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਹਮਜ਼ਾ ਦੇ ਮੋੜ ’ਤੇ ਬੀਤੀ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੰਡ ਵਡਾਲਾ ਦਾ ਵਸਨੀਕ ਰਾਜਨ ਭੱਟੀ ਆਲਟੋ ਕਾਰ ਨੰਬਰ ਪੀਬੀ35 ਜੀ8378 ਵਿੱਚ ਆਪਣੇ ਦੋ ਦੋਸਤਾਂ ਬਲਜਿੰਦਰ ਸਿੰਘ ਵਾਸੀ ਫਤਹਿਗੜ੍ਹ ਚੂੜੀਆਂ ਤੇ ਨਿਸ਼ਾਨ ਸਿੰਘ ਵਾਸੀ ਭਾਲੋਵਾਲੀ ਨਾਲ ਅੰਮ੍ਰਿਤਸਰ ਤੋਂ ਆਪਣੇ ਪਿੰਡ ਵਡਾਲਾ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਹਮਜ਼ਾ ਨੇੜੇ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ’ਚ ਜਾ ਵੱਜੀ।
ਇਸ ਦੌਰਾਨ ਪਿੱਛੇ ਬੈਠਾ ਨੌਜਵਾਨ ਨਿਸ਼ਾਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਬਾਕੀ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਜੀਠਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਰਾਜਨ ਭੱਟੀ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਤੇ ਦੋ ਸਾਲਾ ਬੱਚੀ ਹੈ। ਇਸੇ ਤਰ੍ਹਾਂ ਬਲਜਿੰਦਰ ਸਿੰਘ ਆਪਣੇ ਪਿੱਛੇ ਪਤਨੀ, ਦੋ ਲੜਕੀਆਂ ਤੇ ਇੱਕ ਲੜਕਾ ਛੱਡ ਗਿਆ ਹੈ।
ਬਠਿੰਡਾ (ਮਨੋਜ ਸ਼ਰਮਾ): ਮਲੋਟ ਰੋਡ ’ਤੇ ਪਿੰਡ ਬੱਲੂਆਣਾ ਨੇੜੇ ਬੀਤੀ ਰਾਤ ਬਠਿੰਡਾ ਤੋਂ ਮਲੋਟ ਵੱਲ ਜਾ ਰਹੀ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਅੱਗਿਓਂ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਮੋਟਰਸਾਈਕਲ, ਕਾਰ ਦੇ ਅੰਦਰ ਧੱਸ ਗਿਆ। ਮ੍ਰਿਤਕ ਦੀ ਜੇਬ ’ਚੋਂ ਮਿਲੇ ਇੱਕ ਦਸਤਾਵੇਜ਼ ਰਾਹੀਂ ਉਸ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਬਰਨਾਲਾ ਬਾਈਪਾਸ ਰੋਡ ’ਤੇ ਥਾਣਾ ਕੈਂਟ ਨੇੜੇ ਤੜਕੇ 4 ਵਜੇ ਇਕ ਮੋਟਰਸਾਈਕਲ ਡਿਵਾਈਡਰ ਨਾਲ ਟਕਰਾਉਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਵਿਜੈ ਕੁਮਾਰ (35) ਵਾਸੀ ਹੰਸ ਨਗਰ ਅਤੇ ਗੰਗਾ ਰਾਮ (33) ਵਜੋਂ ਹੋਈ ਹੈ।
ਸ਼ਾਹਕੋਟ ਵਿੱਚ ਬੱਸ ਦੀ ਫੇਟ ਵੱਜਣ ਕਾਰਨ ਅੱਠ ਸਾਲਾ ਬੱਚਾ ਗੰਭੀਰ ਜ਼ਖ਼ਮੀ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ):
ਸਥਾਨਕ ਦਾਣਾ ਮੰਡੀ ਕੋਲ ਪੰਜਾਬ ਰੋਡਵੇਜ਼ ਦੀ ਬੱਸ ਦੀ ਫੇਟ ਵੱਜਣ ਕਾਰਨ ਅੱਠ ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਸ਼ਾਹਕੋਟ ਦੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਮਗਰੋਂ ਨਕੋਦਰ ਰੈਫਰ ਕਰ ਦਿੱਤਾ ਹੈ। ਸ਼ਾਹਕੋਟ ਪੁਲੀਸ ਨੇ ਬੱਸ ਕਬਜ਼ੇ ਵਿੱਚ ਲੈ ਕੇ ਡਰਾਈਵਰ ਦਰਸ਼ਨ ਸਿੰਘ ਵਾਸੀ ਫਿਰੋਜ਼ਪੁਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾ
ਪਤ ਜਾਣਕਾਰੀ ਅਨੁੁਸਾਰ ਸ਼ਿਵਰਾਤਰੀ ਮੌਕੇ ਦਾਣਾ ਮੰਡੀ ਨੇੜੇ ਲਗਾਏ ਗਏ ਲੰਗਰ ਕਰ ਕੇ ਉੱਥੇ ਜ਼ਿਆਦਾ ਭੀੜ ਸੀ। ਇਸ ਦੌਰਾਨ ਮੋਗਾ ਤੋਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਮੋਗਾ ਦੀ ਬੱਸ ਦੀ ਫੇਟ ਵੱਜਣ ਕਾਰਨ ਮਨਿੰਦਰ ਸਿੰਘ (8) ਪੁੱਤਰ ਰਣਜੀਤ ਸਿੰਘ ਵਾਸੀ ਮੁਹੱਲਾ ਨਿਊ ਕਰਤਾਰ ਨਗਰ, ਸ਼ਾਹਕੋਟ ਜ਼ਖ਼ਮੀ ਹੋ ਗਿਆ। ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ। ਡਾਕਟਰਾਂ ਨੇ ਜ਼ਖ਼ਮੀ ਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਨਕੋਦਰ ਰੈਫਰ ਕਰ ਦਿੱਤਾ। ਸ਼ਾਹਕੋਟ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।