ਗੋਬਿੰਦ ਸਾਗਰ ਝੀਲ ’ਚ ਨਹਾਉਂਂਂਦੇ ਦੋ ਨੌਜਵਾਨ ਰੁੜ੍ਹੇ
ਬਲਵਿੰਦਰ ਰੈਤ
ਨੰਗਲ, 22 ਜੂਨ
ਹਿਮਾਚਲ ਪ੍ਰਦੇਸ਼-ਪੰਜਾਬ ਸਰਹੱਦ ’ਤੇ ਸਥਿਤ ਧਾਰਮਿਕ ਸਥਾਨ ਬਰਮੋਤੀ ਮੰਦਰ ਮੱਥਾ ਟੇਕਣ ਗਏ ਦੋ ਨੌਜਵਾਨ ਮੰਦਰ ਨੇੜੇ ਵਹਿ ਰਹੀ ਗੋਬਿੰਦ ਸਾਗਰ ਝੀਲ (ਸਤਲੁਜ ਦਰਿਆ) ਵਿੱਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਇਸ ਘਟਨਾ ਮਗਰੋਂ ਗੋਤਾਖੋਰਾਂ ਨੇ ਇੱਕ ਲਾਸ਼ ਬਰਾਮਦ ਕਰ ਲਈ ਹੈ। ਮ੍ਰਿਤਕ ਦੀ ਪਛਾਣ ਵਿਕਾਸ ਬਾਲੀ (22) ਵਾਸੀ ਪਿੰਡ ਕਲਸੇੜਾ ਮਹਿਤਪੁਰ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਦੂਜਾ ਨੌਜਵਾਨ ਅੰਕੁਸ਼ (28) ਲਾਪਤਾ ਹੈ। ਉਹ ਲੁਧਿਆਣਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਉਹ ਆਪਣੇ ਨਾਨਕੇ ਪਿੰਡ ਥਲਹੂ ਨੰਗਲ ਆਇਆ ਹੋਇਆ ਸੀ ਅਤੇ ਆਪਣੇ ਦੋ ਦੋਸਤਾਂ ਨਾਲ ਬਰਮੋਤੀ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ। ਗਰਮੀ ਕਾਰਨ ਅੰਕੁਸ਼ ਮੰਦਰ ਨੇੜੇ ਪਾਣੀ ਵਿੱਚ ਨਹਾਉਣ ਲੱਗ ਗਿਆ ਅਤੇ ਡੂੰਘੇ ਪਾਣੀ ਵਿੱਚ ਘਿਰ ਗਿਆ। ਅੰਕੁਸ਼ ਨੂੰ ਬਚਾਉਣ ਲਈ ਉਸ ਦੇ ਦੋ ਦੋਸਤ ਝੀਲ ਵਿੱਚ ਕੁੱਦ ਪਏ। ਉਥੇ ਖੜ੍ਹੇ ਇੱਕ ਹੋਰ ਨੌਜਵਾਨ ਵਿਕਾਸ ਬਾਲੀ ਕਲਸੇੜਾ ਨੇ ਛਾਲ ਮਾਰ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੋ ਜਣਿਆਂ ਨੂੰ ਤਾਂ ਬਚਾਅ ਲਿਆ ਪਰ ਤੀਜੇ ਨੌਜਵਾਨ ਅੰਕੁਸ਼ ਨੂੰ ਬਚਾਉਂਦਾ-ਬਚਾਉਂਦਾ ਖੁਦ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਗੋਤਾਖੋਰਾਂ ਨੇ ਵਿਕਾਸ ਬਾਲੀ ਦੀ ਲਾਸ਼ ਬਰਾਮਦ ਕਰ ਲਈ ਹੈ ਤੇ ਅੰਕੁਸ਼ ਦੀ ਭਾਲ ਕੀਤੀ ਜਾ ਰਹੀ ਹੈ।
ਨਹਿਰਾਂ ਤੇ ਦਰਿਆਵਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ: ਬੈਂਸ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਰਿਆ ਵਿੱਚ ਡੁੱਬੇ ਨੌਜਵਾਨਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਨਹਿਰਾਂ ਅਤੇ ਦਰਿਆਵਾਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।