ਪੱਤਰਕਾਰ ਨਾਲ ਕੁੱਟਮਾਰ ਕਰਨ ਵਾਲੇ ਦੋ ਪੰਜਾਬ ਪੁਲੀਸ ਮੁਲਾਜ਼ਮ ਮੁਅੱਤਲ, ਮਾਮਲਾ ਦਰਜ
ਇੱਥੇ ਇੱਕ ਸਥਾਨਕ ਪੱਤਰਕਾਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਪੰਜਾਬ ਪੁਲੀਸ ਦੇ ਦੋ ਕਮਾਂਡੋ ਮੁਅੱਤਲ ਕਰ ਦਿੱਤੇ ਗਏ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ।
ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਘਟਨਾ 1 ਅਗਸਤ ਨੂੰ ਵਾਪਰੀ ਸੀ ਅਤੇ ਬਾਅਦ ਵਿੱਚ ਇਸ ਸਬੰਧ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ। ਵੀਡੀਓ ਵਿੱਚ ਦੋ ਪੁਲਿਸ ਮੁਲਾਜ਼ਮ, ਜਿਨ੍ਹਾਂ ਵਿੱਚੋਂ ਇੱਕ ਵਰਦੀ ਵਿੱਚ ਅਤੇ ਦੂਜਾ ਸਾਦੇ ਕੱਪੜਿਆਂ ਵਿੱਚ ਹੈ, ਪੱਤਰਕਾਰ ਬਲਵਿੰਦਰ ਸਿੰਘ ਨੂੰ ਘੜੀਸਦੇ ਅਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਵਰਦੀ ਪਾਏ ਪੁਲੀਸ ਮੁਲਾਜ਼ਮ ਨੇ ਉਸ ਨੂੰ ਲੱਤ ਮਾਰੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ। ਜਦੋਂ ਉਹ ਪਾਣੀ ਦੇ ਛੱਪੜ ਵਿੱਚ ਬੇਸਹਾਰਾ ਪਿਆ ਸੀ, ਤਾਂ ਦੋਵੇਂ ਪੁਲਿਸ ਮੁਲਾਜ਼ਮ ਉੱਥੋਂ ਚਲੇ ਗਏ।
ਡੀਐੱਸਪੀ ਨੇ ਦੱਸਿਆ ਕਿ ਦੋਵਾਂ ਪੁਲੀਸ ਮੁਲਾਜ਼ਮਾਂ ਦੀ ਪਛਾਣ ਸਬ-ਇੰਸਪੈਕਟਰ ਸੁਰਜੀਤ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਬਠਿੰਡਾ ਵਿੱਚ ਤਾਇਨਾਤ ਪੰਜਾਬ ਪੁਲਿਸ ਕਮਾਂਡੋ ਦੀ 5ਵੀਂ ਬਟਾਲੀਅਨ ਨਾਲ ਸਬੰਧਤ ਹਨ। ਉਹ ਇੱਥੇ ਕਾਨੂੰਨ ਵਿਵਸਥਾ ਦੀ ਡਿਊਟੀ ਲਈ ਆਏ ਹੋਏ ਸਨ।
ਜਦੋਂ ਉਨ੍ਹਾਂ ਤੋਂ ਪੱਤਰਕਾਰ ’ਤੇ ਹਮਲੇ ਦਾ ਕਾਰਨ ਪੁੱਛਿਆ ਗਿਆ ਤਾਂ ਡੀ.ਐਸ.ਪੀ. ਨੇ ਕਿਹਾ, ‘‘ਦੋਵੇਂ ਪੁਲੀਸ ਅਧਿਕਾਰੀ ਡਿਊਟੀ ਦੇ ਸਿਲਸਿਲੇ ਵਿੱਚ ਇੱਥੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਪੱਤਰਕਾਰ ਬਲਵਿੰਦਰ ਉਨ੍ਹਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਦੀ ਡਿਊਟੀ ਬਾਰੇ ਕੁਝ ਸਵਾਲ ਪੁੱਛੇ। ਅਚਾਨਕ ਦੋਵਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।’’
ਪੁਲੀਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਪੱਤਰਕਾਰ ਦੀ ਸ਼ਿਕਾਇਤ 'ਤੇ 2 ਅਗਸਤ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਦੋਵਾਂ ਸਬ-ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।