ਆਈ ਐੱਸ ਆਈ ਸਬੰਧਾਂ ਦੇ ਮਾਮਲੇ ਵਿੱਚ ਦੋ ਹੋਰ ਗ੍ਰਿਫ਼ਤਾਰ
ਐੱਨ ਆਈ ਏ ਤੇ ਕਈ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲੀਸ ਨਾਲ ਰਾਬਤਾ ਬਣਾਇਆ
ਗਗਨਦੀਪ ਅਰੋੜਾ
ਪੁਲੀਸ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੀ ਪੰਜਾਬ ਵਿੱਚ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਪਹਿਲਾਂ ਹੀ ਪੁਲੀਸ ਹਿਰਾਸਤ ਵਿੱਚ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹੱਥ ਗੋਲਿਆਂ ਸਣੇ ਹੋਰ ਅਸਲਾ ਬਰਾਮਦ ਕੀਤਾ ਸੀ।
ਪੁਲੀਸ ਅਨੁਸਾਰ ਮੁਲਜ਼ਮ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਸੰਪਰਕ ਵਿੱਚ ਸਨ ਅਤੇ ਉਹ ਅੰਮ੍ਰਿਤਸਰ ਤੋਂ ਬੱਸ ਰਾਹੀਂ ਅਸਲਾ ਲੈ ਕੇ ਲੁਧਿਆਣਾ ਪੁੱਜੇ ਸਨ। ਇਸ ਮਾਮਲੇ ਵਿੱਚ ਮੁਕਤਸਰ ਦੇ ਪਿੰਡ ਰਾਮਗੜ੍ਹ ਝੁੰਗਾ ਦੇ ਵਸਨੀਕ ਕੁਲਦੀਪ ਸਿੰਘ, ਰਮਣੀਕ ਸਿੰਘ ਉਰਫ਼ ਅਮਰੀਕ ਅਤੇ ਪਰਵਿੰਦਰ ਸਿੰਘ ਉਰਫ਼ ਚਿੜੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਕੀਤੀ ਪੁੱਛ-ਪੜਤਾਲ ਮਗਰੋਂ ਪੁਲੀਸ ਨੇ ਬਾਕੀ ਫ਼ਰਾਰ ਹੋਏ ਦੋ ਮੁਲਜ਼ਮਾਂ ਸ਼ੇਖਰ ਤੇ ਅਜੈ ਨੂੰ ਵੀ ਕਾਬੂ ਕਰ ਲਿਆ ਹੈ।
ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਸਣੇ ਹੋਰ ਖ਼ੁਫ਼ੀਆ ਏਜੰਸੀਆਂ ਨੇ ਲੁਧਿਆਣਾ ਪੁਲੀਸ ਨਾਲ ਸੰਪਰਕ ਕੀਤਾ ਹੈ। ਏਜੰਸੀਆਂ ਪੁਲੀਸ ਤੋਂ ਫੀਡਬੈਕ ਲੈ ਰਹੀਆਂ ਹਨ ਅਤੇ ਗ੍ਰਹਿ ਵਿਭਾਗ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਹਾਲਾਂਕਿ, ਕੋਈ ਵੀ ਪੁਲੀਸ ਅਧਿਕਾਰੀ ਇਸ ਮਾਮਲੇ ’ਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਹੈ। ਪੁਲੀਸ ਜਲਦੀ ਹੀ ਸਾਰੀ ਜਾਣਕਾਰੀ ਦੇਣ ਲਈ ਪੱਤਰਕਾਰ ਮਿਲਣੀ ਕਰੇਗੀ। ਐੱਨ ਆਈ ਏ ਅਤਿਵਾਦ ਨਾਲ ਜੁੜੇ ਮਾਮਲਿਆਂ ਵਿੱਚ ਸਿੱਧਾ ਦਖ਼ਲ ਦਿੰਦੀ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੇ ਆਈ ਐੱਸ ਆਈ ਨਾਲ ਸਬੰਧ ਮਿਲੇ ਹਨ।
ਇਸ ਮਗਰੋਂ ਲੁਧਿਆਣ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਫਿਰ ਖ਼ੁਫ਼ੀਆ ਏਜੰਸੀਆਂ ਨੂੰ ਜਾਣਕਾਰੀ ਦਿੱਤੀ।
ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਐੱੱਨ ਆਈ ਏ ਨੂੰ ਪੂਰੀ ਜਾਣਕਾਰੀ ਦਿੱਤੀ ਹੈ।
ਸੂਤਰ ਦੱਸਦੇ ਹਨ ਕਿ ਖ਼ੁਫ਼ੀਆ ਏਜੰਸੀਆਂ ਨੇ ਪੁਲੀਸ ਨਾਲ ਸੰਪਰਕ ਕੀਤਾ ਹੈ ਅਤੇ ਮੁਲਜ਼ਮਾਂ ਤੋਂ ਪੁੱਛ ਪੜਤਾਲ ਬਾਰੇ ਜਾਣਕਾਰੀ ਹਾਸਲ ਕੀਤੀ ਹੈ, ਨਾਲ ਹੀ ਉਨ੍ਹਾਂ ਦਾ ਪੂਰਾ ਬਾਇਓਡੇਟਾ ਵੀ ਲੈ ਲਿਆ ਹੈ ਤਾਂ ਜੋ ਉਹ ਆਪਣੀ ਜਾਂਚ ਕਰ ਸਕਣ।
ਐੱਨ ਆਈ ਏ ਮੁਲਜ਼ਮਾਂ ਤੋਂ ਕਰ ਸਕਦੀ ਹੈ ਪੁੱਛ-ਪੜਤਾਲ
ਸੂਤਰਾਂ ਮੁਤਾਬਕ ਐੱਨ ਆਈ ਏ ਦੀ ਟੀਮ ਜਲਦੀ ਹੀ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ਲਈ ਲੁਧਿਆਣਾ ਆ ਸਕਦੀ ਹੈ। ਇਸ ਮਾਮਲੇ ਵਿੱਚ ਅੱਜ ਵੀ ਲੁਧਿਆਣਾ ਦੇ ਕਈ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਈ ਵੀ ਵੇਰਵੇ ਦੇਣ ਲਈ ਤਿਆਰ ਨਹੀਂ ਹੈ। ਕਈ ਖ਼ੁਫ਼ੀਆ ਏਜੰਸੀਆਂ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ, ਇਹ ਜਾਂਚ ਕਰ ਰਹੀਆਂ ਹਨ ਕਿ ਮੁਲਜ਼ਮਾਂ ਨੂੰ ਅੰਮ੍ਰਿਤਸਰ ਤੋਂ ਹੱਥ ਗੋਲੇ ਲਿਆਉਣ ਲਈ ਕਿਸ ਨੇ ਕਿਹਾ ਸੀ ਅਤੇ ਉਨ੍ਹਾਂ ਦਾ ਲੁਧਿਆਣਾ ਵਿੱਚ ਕਿੱਥੇ ਧਮਾਕਾ ਕਰਨ ਦਾ ਇਰਾਦਾ ਸੀ। ਜੇ ਹੱਥ ਗੋਲੇ ਲੁਧਿਆਣਾ ਵਿੱਚ ਲੁਕਾਏ ਜਾਣੇ ਸਨ ਤਾਂ ਉਨ੍ਹਾਂ ਨੂੰ ਕਿੱਥੇ ਧਮਾਕਾ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

