ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਤੋਂ ਦੋ ਹੋਰ ਪਾਰਟੀ ਆਗੂਆਂ ਨੇ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਹੋਏ ਅਸਤੀਫ਼ਾ ਦਿੱਤਾ ਹੈ। ਇਸ ਸਬੰਧੀ ‘ਆਪ’ ਦੇ ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਹੋਣ ਦਾ ਦਾਅਵਾ ਕਰਦਿਆਂ ਹਰਵਿੰਦਰ ਸਿੰਘ ਹੈਰੀ ਵਾਸੀ ਸੁਲਤਾਨਪੁਰ ਨੇ ਕਿਹਾ ਕਿ ਉਹ ਬੜੇ ਦੁਖੀ ਮਨ ਨਾਲ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿਹਲੇ ਹੋਏ ਨੇਤਾਵਾਂ ਨੇ ਹੁਣ ਪੰਜਾਬ ਵਿੱਚ ਡੇਰੇ ਲਗਾਏ ਹੋਏ ਹਨ ਅਤੇ ਲੈਂਡ ਪੂਲਿੰਗ ਜਿਹੀਆਂ ਨੀਤੀਆਂ ਲਾਗੂ ਕਰਵਾ ਕੇ ਪਾਰਟੀ ਨੂੰ ਕਮਜ਼ੋਰ ਕਰਨ ਲੱਗੇ ਹੋਏ ਹਨ। ਇਸੇ ਦੌਰਾਨ ‘ਆਪ’ ਆਗੂ ਗੁਰਪ੍ਰੀਤ ਸਿੰਘ ਗੁਰੀ ਮਾਨ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਕਿਸਾਨ ਦਾ ਪੁੱਤ ਹੋਣ, ਖੂਹਾਂ ‘ਚ ਉਤਰਨ ਦੇ ਦਾਅਵੇ ਕਰਨ ਵਾਲਿਆਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸਾਨੀ ਦੇ ਹਿਤੈਸ਼ੀ ਨਹੀਂ ਹਨ।