ਫ਼ਾਜ਼ਿਲਕਾ ਕਤਲ ਕੇਸ ’ਚ ਲੋੜੀਂਦੇ ਲਾਰੈਂਸ ਗੈਂਗ ਦੇ ਦੋ ਮੈਂਬਰ ਗ੍ਰਿਫ਼ਤਾਰ
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਨੇ ਸ਼ੰਭੂ ਨੇੜੇ ਪਟਿਆਲਾ-ਅੰਬਾਲਾ ਹਾਈਵੇਅ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਲੋੜੀਂਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਆਸਟਰੀਆ ਦੇ ਬਣੇ ਨੌਂ ਐੱਮਐੱਮ ਗਲੌਕ ਪਿਸਤੌਲ ਸਮੇਤ ਛੇ ਕਾਰਤੂਸ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਕਸ਼ੈ ਡੇਲੂ ਅਤੇ ਅੰਕਿਤ ਬਿਸ਼ਨੋਈ ਉਰਫ਼ ਕੱਕੜ ਦੋਵੇਂ ਵਾਸੀ ਪਿੰਡ ਖੈਰਪੁਰ, ਅਬੋਹਰ, ਫ਼ਾਜ਼ਿਲਕਾ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਸਾਥੀਆਂ ਅਨਮੋਲ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਕਤਲ ਕਰਨ ਉਪਰੰਤ ਨੇਪਾਲ ਭੱਜ ਗਏ ਸਨ ਅਤੇ ਪੰਜਾਬ ਵਿੱਚ ਸਨਸਨੀਖ਼ੇਜ਼ ਅਪਰਾਧ ਨੂੰ ਅੰਜਾਮ ਦੇਣ ਲਈ ਆਪਣੇ ਵਿਦੇਸ਼ੀ ਸਾਥੀਆਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਪੰਜਾਬ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਵਿੱਚ ਕਤਲ, ਇਰਾਦਾ ਏ ਕਤਲ, ਜਬਰੀ ਵਸੂਲੀ, ਅਸਲਾ ਐਕਟ ਅਤੇ ਐੱਨਡੀਪੀਐੱਸ ਐਕਟ ਨਾਲ ਸਬੰਧਤ 15 ਤੋਂ ਵੱਧ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਉਹ ਦੋ ਮਈ 2025 ਨੂੰ ਫ਼ਾਜ਼ਿਲਕਾ ਵਿੱਚ ਹੋਏ ਭਾਰਤ ਰਤਨ ਉਰਫ਼ ਵਿੱਕੀ ਦੇ ਕਤਲ ਵਿੱਚ ਵੀ ਲੋੜੀਂਦੇ ਸਨ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਏਡੀਜੀਪੀ ਏਜੀਟੀਐੱਫ਼ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲੀਸ ਨੂੰ ਦੋਵਾਂ ਮੁਲਜ਼ਮਾਂ ਦੇ ਪੰਜਾਬ ਵਿੱਚ ਦਾਖ਼ਲ ਹੋਣ ਬਾਰੇ ਸੂਹ ਮਿਲੀ ਸੀ। ਇਸ ਸੂਹ ’ਤੇ ਤੁਰੰਤ ਕਾਰਵਾਈ ਕਰਦਿਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਅੰਬਾਲਾ-ਪਟਿਆਲਾ ਹਾਈਵੇਅ ’ਤੇ ਮੁਲਜ਼ਮਾਂ ਨੂੰ ਟਰੈਕ ਕੀਤਾ ਅਤੇ ਸਵੇਰੇ ਤੜਕ ਸਾਰ ਕਾਰਵਾਈ ਕਰਦਿਆਂ ਪਿੰਡ ਸ਼ੰਭੂ ਨੇੜਿਓਂ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਆਧੁਨਿਕ ਹਥਿਆਰ ਬਰਾਮਦ ਹੋਏ ਹਨ।