ਇੱਥੇ ਪੈ ਰਹੇ ਭਰਵੇਂ ਮੀਂਹ ਕਾਰਨ ਤਲਵੰਡੀ ਸਾਬੋ ਰੋਡ ’ਤੇ ਇੱਕ ਦੁਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ’ਚ ਇੱਕ ਜਣੇ ਦੀ ਮੌਤ ਹੋ ਗਈ ਜਦੋਂਕਿ ਚਾਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪੱਪੂ ਯਾਦਵ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਟਰੱਕ ਮਕੈਨਿਕ ਪੱਪੂ ਯਾਦਵ ਤੇ ਚਾਰ ਹੋਰ ਵਿਅਕਤੀ ਤੇਜ਼ ਮੀਂਹ ਕਾਰਨ ਆਪਣੀ ਦੁਕਾਨ ਵਿੱਚ ਬੈਠੇ ਸਨ। ਇਸ ਦੌਰਾਨ ਅਚਾਨਕ ਹੀ ਦੁਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ’ਚ ਪੱਪੂ ਯਾਦਵ (35) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਮਾਂ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਮੁਕੇਰੀਆਂ (ਜਗਜੀਤ ਸਿੰਘ): ਕਸਬਾ ਪੁਰਾਣਾ ਭੰਗਲਾ ਵਿੱਚ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕਸ਼ਮੀਰੋ ਦੇਵੀ (46) ਦੀਆਂ ਦੋਵੇਂ ਲੜਕੀਆਂ ਨੇੜਲੇ ਘਰ ’ਚ ਗਈਆਂ ਸਨ। ਉਨ੍ਹਾਂ ਲੋਕਾਂ ਦੀ ਮਦਦ ਨਾਲ ਆਪਣੀ ਮਾਂ ਨੂੰ ਮਲਬੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਮਕੇਰੀਆਂ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਲੜਕੇ ਨੂੰ ਕੁਝ ਮਹੀਨੇ ਪਹਿਲਾਂ ਹੀ ਫ਼ੌਜ ਅਗਨੀਵੀਰ ਵਜੋਂ ਨੌਕਰੀ ਮਿਲੀ ਹੈ।
ਸ਼ਹਿਣਾ/ ਸਮਾਣਾ (ਪ੍ਰਮੋਦ ਸਿੰਗਲਾ/ ਅਸ਼ਵਨੀ ਕੁਮਾਰ): ਕਸਬਾ ਸ਼ਹਿਣਾ ਦੇ ਵਾਰਡ ਨੰਬਰ-1 ਵਿੱਚ ਭਾਰੀ ਮੀਂਹ ਕਾਰਨ ਜੋਗਿੰਦਰ ਸਿੰਘ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ ਹਨ। ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਜੋਗਿੰਦਰ ਸਿੰਘ ਦੇ ਮਕਾਨ ’ਚ ਡਾਟ ਵਾਲੀ ਛੱਤ ਡਿੱਗ ਗਈ। ਇਸ ਹਾਦਸੇ ਕਾਰਨ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਜ਼ਖ਼ਮੀ ਹੋ ਗਏ। ਜੋਗਿੰਦਰ ਸਿੰਘ ਦੇ ਸਿਰ ਅਤੇ ਮੋਢੇ ’ਤੇ ਜਦੋਂਕਿ ਕੁਲਵਿੰਦਰ ਕੌਰ ਦੇ ਸਿਰ ਵਿੱਚ ਸੱਟ ਲੱਗੀ ਹੈ। ਇਸ ਹਾਦਸੇ ਮਗਰੋਂ ਆਂਢੀ-ਗੁਆਂਢੀ ਅਤੇ ਹੋਰ ਲੋਕਾਂ ਨੇ ਜ਼ਖ਼ਮੀਆਂ ਨੂੰ ਮਲਬੇ ਥੱਲਿਓਂ ਕੱਢਿਆ। ਮਲਬੇ ਹੇਠ ਆਉਣ ਕਾਰਨ ਬੈੱਡ, ਅਲਮਾਰੀ ਅਤੇ ਵਾਸ਼ਿੰਗ ਮਸ਼ੀਨ ਆਦਿ ਘਰੇਲੂ ਸਾਮਾਨ ਵੀ ਨੁਕਸਾਨਿਆ ਗਿਆ ਹੈ। ਇਸੇ ਦੌਰਾਨ ਮੀਂਹ ਕਾਰਨ ਇੱਥੇ ਮੰਡੀ ਰੋਡ ’ਤੇ ਝੁੱਗੀਆਂ ਵਿੱਚ ਪਾਣੀ ਵੜਨ ਕਾਰਨ ਅੰਦਰ ਪਿਆ ਸਾਮਾਨ ਖ਼ਰਾਬ ਹੋ ਗਿਆ। ਇਸੇ ਦੌਰਾਨ ਸਮਾਣਾ ’ਚ ਕਈ ਘੰਟੇ ਲਗਾਤਾਰ ਪਏ ਮੀਂਹ ਕਾਰਨ ਸਥਾਨਕ ਗੜ੍ਹ ਮੁਹੱਲੇ ਵਿੱਚ ਬੀਤੀ ਰਾਤ ਇੱਕ ਮਕਾਨ ਦੀ ਛੱਤ ਅਤੇ ਪੌੜੀਆਂ ਡਿੱਗ ਗਈਆਂ। ਇਸ ਹਾਦਸੇ ਸਮੇਂ ਪੂਰਾ ਪਰਿਵਾਰ ਚੁਬਾਰੇ ਵਿੱਚ ਸੁੱਤਾ ਹੋਇਆ ਸੀ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਮਕਾਨ ਮਾਲਕ ਹਰਵਿੰਦਰ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਪੂਨਮ ਅਤੇ ਦੋਵੇਂ ਬੱਚਿਆਂ ਨਾਲ ਚੁਬਾਰੇ ਵਿੱਚ ਸੁੱਤਾ ਹੋਇਆ ਸੀ ਜਦੋਂਕਿ ਹੇਠਲੇ ਕਮਰੇ ਵਿੱਚ ਉਸ ਦੀ ਚਾਚੀ ਆਪਣੇ ਪੁੱਤਰ ਸੋਨੂੰ ਨਾਲ ਸੌਂ ਰਹੀ ਸੀ। ਅੱਧੀ ਰਾਤ ਨੂੰ ਉਨ੍ਹਾਂ ਦੇ ਵਿਹੜੇ ਦੀ ਛੱਤ ਅਤੇ ਪੌੜੀਆਂ ਡਿੱਗ ਗਈਆਂ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਰੋਜ਼ਾਨਾ ਪੂਰਾ ਪਰਿਵਾਰ ਇਸੇ ਛੱਤ ਥੱਲੇ ਬੈਠਦਾ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਉਨ੍ਹਾਂ ਦਾ ਕਰੀਬ ਚਾਰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਗ਼ਰੀਬ ਪਰਿਵਾਰ ’ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ
ਮੂਨਕ (ਕਰਮਵੀਰ ਸਿੰਘ ਸੈਣੀ): ਮੂਨਕ ਸ਼ਹਿਰ ਅਤੇ ਇਲਾਕੇ ਵਿੱਚ ਕੱਲ੍ਹ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਵਾਰਡ ਨੰਬਰ-4 ਵਿੱਚ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਮਕਾਨ ਵਿੱਚ ਮਾਪੇ ਆਪਣੀਆਂ ਚਾਰ ਧੀਆਂ ਅਤੇ 15 ਦਿਨਾਂ ਦੇ ਪੁੱਤਰ ਸਣੇ ਰਹਿ ਰਹੇ ਹਨ। ਮਕਾਨ ਦੀ ਛੱਤ ਡਿੱਗਣ ਕਾਰਨ ਮਾਲੀ ਨੁਕਸਾਨ ਹੋਇਆ ਪਰ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੀੜਤ ਪਰਿਵਾਰ ਨੇ ਦੱਸਿਆ ਕਿ ਛੱਤ ਦਾ ਮਲਬਾ ਡਿੱਗਣ ਕਾਰਨ ਅੰਦਰ ਪਿਆ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਰਿਵਾਰ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਹੈ। ਪੀੜਤ ਪਰਿਵਾਰ ਦੇ ਮੁਖੀ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ।