ਸਰਬਜੀਤ ਸਿੰਘ ਭੱਟੀ
ਲਾਲੜੂ, 17 ਜੂਨ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਸਰਸੀਣੀ ਨੇੜੇ ਅੱਜ ਸਵੇਰੇ ਅੱਠ ਵਜੇ ਦੋ ਕਾਰਾਂ ਦੀ ਸਿੱਧੀ ਟੱਕਰ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਾਜਾ ਰਾਮ (65) ਅਤੇ ਸੰਦੀਪ ਕੁਮਾਰ (39) ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ। ਜ਼ਖ਼ਮੀ ਮਨਦੀਪ ਸਿੰਘ ਨੂੰ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਟੈਂਪੂ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਹਾਦਸਾ ਵਾਪਰਿਆ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕਾਂ ਦੇ ਵਾਰਸਾਂ ਵੱਲੋਂ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਸਿਵਲ ਹਸਪਤਾਲ ਡੇਰਾਬਸੀ ਦੀ ਮੋਰਚਰੀ ਵਿੱਚ ਰੱਖੀਆਂ ਗਈਆਂ ਹਨ। ਵਾਰਸਾਂ ਦੇ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਟਰੱਕ ਨਾਲ ਟਕਰਾਈ ਸਕਾਰਪੀਓ, ਏਐੱਸਆਈ ਦੀ ਮੌਤ
ਬਠਿੰਡਾ/ਗਿੱਦੜਬਾਹਾ (ਮਨੋਜ ਸ਼ਰਮਾ/ ਦਵਿੰਦਰ ਮੋਹਨ ਬੇਦੀ): ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਰਾਮਪੁਰਾ ਫੂਲ ਨੇੜੇ ਅੱਜ ਤੜਕੇ ਹਾਦਸੇ ਦੌਰਾਨ ਸੀਆਈਏ ਸਟਾਫ-1 ਮੁਕਤਸਰ ਦੇ ਏਐੱਸਆਈ ਦੀ ਮੌਤ ਹੋ ਗਈ, ਜਦਕਿ ਇੰਚਾਰਜ ਇੰਸਪੈਕਟਰ ਸਣੇ ਤਿੰਨ ਕਾਂਸਟੇਬਲ ਜ਼ਖ਼ਮੀ ਹੋ ਗਏ। ਹਾਦਸਾ ਤਕਰੀਬਨ ਸਵੇਰੇ 3.45 ਵਜੇ ਰਾਮਪੁਰਾ ਫੂਲ ਸਦਰ ਥਾਣੇ ਦੇ ਸਾਹਮਣੇ ਵਾਪਰਿਆ, ਜਦੋਂ ਪਟਿਆਲਾ ਤੋਂ ਮੁਕਤਸਰ ਵਾਪਸ ਆ ਰਹੀ ਪੁਲੀਸ ਟੀਮ ਦੀ ਸਕਾਰਪੀਓ (ਨੰਬਰ ਪੀਬੀ65ਬੀਐੱਫ7692) ਟਰੱਕ ਨਾਲ ਟਕਰਾ ਗਈ। ਹਾਦਸੇ ਦੌਰਾਨ ਗੱਡੀ ਦੇ ਅੱਗੇ ਸੀਟ ’ਤੇ ਬੈਠੇ ਏਐੱਸਆਈ ਜਲੰਧਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀਆਂ ਦੀ ਪਛਾਣ ਇੰਸਪੈਕਟਰ ਰਾਜਬੀਰ ਸਿੰਘ, ਕਾਂਸਟੇਬਲ ਮਨਪ੍ਰੀਤ, ਜਗਰੂਪ ਤੇ ਕੁਲਜੀਤ ਵਜੋਂ ਹੋਈ। ਜ਼ਖ਼ਮੀਆਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਰਾਮਪੁਰਾ ਸਦਰ ਥਾਣੇ ਦੇ ਐੱਸਐੱਚਓ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨ ਇੱਕੋ ਦਿਸ਼ਾ ਵੱਲ ਜਾ ਰਹੇ ਸਨ। ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਜਾਂਚ ਜਾਰੀ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਉੱਚ ਪੁਲੀਸ ਅਧਿਕਾਰੀ ਹਸਪਤਾਲ ਪੁੱਜੇ।