ਗੁਰਸੇਵਕ ਸਿੰਘ ਪ੍ਰੀਤ
ਇੱਥੇ ਬੀਤੀ ਰਾਤ 9 ਵਜੇ ਬੱਲਮਗੜ੍ਹ ਰੋਡ ਰੇਲਵੇ ਕਰਾਸਿੰਗ ਨੇੜੇ ਰੇਲ ਗੱਡੀ ਦੀ ਫੇਟ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਜ਼ਖਮੀ ਹੋ ਗਿਆ। ਇਹ ਰੇਲ ਗੱਡੀ ਫਾਜ਼ਿਲਕਾ ਤੋਂ ਕੋਟਕਪੂਰਾ ਜਾ ਰਹੀ ਸੀ। ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਮੁਕਤਸਰ ’ਚ ਦਾਖ਼ਲ ਕਰਵਾਇਆ ਗਿਆ ਹੈ। ਰੇਲਵੇ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਤੇ ਜ਼ਖਮੀ ਪੇਸ਼ੇ ਤੋਂ ਟਰੱਕ ਡਰਾਈਵਰ ਹਨ। ਜਾਣਕਾਰੀ ਅਨੁਸਾਰ ਗੁਰਪ੍ਰੀਤ ਗੋਰੀ (28), ਸੋਨੂੰ (32) ਅਤੇ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਤਿੰਨੋਂ ਸੋਮਵਾਰ ਰਾਤ ਨੂੰ ਕਰੀਬ 9 ਵਜੇ ਕੰਮ ਤੋਂ ਵਾਪਸ ਆ ਰਹੇ ਸਨ ਅਤੇ ਬੱਲਮਗੜ੍ਹ ਰੋਡ ਨੇੜੇ ਪਟੜੀ ਦੇ ਨਾਲ-ਨਾਲ ਆਪਣੇ ਘਰਾਂ ਵੱਲ ਪੈਦਲ ਜਾ ਰਹੇ ਸਨ। ਯਾਤਰੀ ਰੇਲਗੱਡੀ ਫਾਜ਼ਿਲਕਾ ਤੋਂ ਕੋਟਕਪੂਰਾ ਆ ਰਹੀ ਸੀ। ਜਦੋਂ ਰੇਲਗੱਡੀ ਮੁਕਤਸਰ ਦੇ ਬੱਲਮਗੜ੍ਹ ਰੋਡ ਰੇਲਵੇ ਕਰਾਸਿੰਗ ’ਤੇ ਪਹੁੰਚੀ ਤਾਂ ਰੇਲਗੱਡੀ ਨੇ ਹਾਰਨ ਵਜਾਇਆ ਪਰ ਤਿੰਨੋਂ ਟਰੱਕ ਡਰਾਈਵਰ ਆਪਣੇ ਧਿਆਨ ’ਚ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਰੇਲਗੱਡੀ ਦੇ ਆਉਣ ਦਾ ਪਤਾ ਹੀ ਨਾ ਲੱਗਿਆ।
ਰੇਲਗੱਡੀ ਤਿੰਨਾਂ ਨੂੰ ਟੱਕਰ ਮਾਰ ਕੇ ਦੂਰ ਚਲੀ ਗਈ। ਟੱਕਰ ਦੌਰਾਨ ਗੁਰਪ੍ਰੀਤ ਅਤੇ ਸੋਨੂੰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਬਲਜਿੰਦਰ ਅਜੇ ਸਾਹ ਲੈ ਰਿਹਾ ਸੀ। ਸੂਚਨਾ ਮਿਲਦੇ ਹੀ ਰੇਲਵੇ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।