ਟੋਏ ਵਿੱਚ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ
ਜ਼ਿਲ੍ਹੇ ਦੇ ਪਿੰਡ ਬੁਰਜ ਪੂਹਲਾ ਦੇ ਦੋ ਬੱਚਿਆਂ ਦੀ ਟੋਏ ਵਿੱਚ ਡਿੱਗਣ ਕਾਰਨ ਮੌਤ ਹੋ ਗਈ| ਪਿੰਡ ਦੇ ਲੋਕਾਂ ਦੱਸਿਆ ਕਿ ਇਹ ਟੋਆ ਸੀਵਰੇਜ ਪਾਉਣ ਲਈ ਪੁੱਟਿਆ ਗਿਆ ਸੀ| ਮ੍ਰਿਤਕਾਂ ਦੀ ਪਛਾਣ ਪ੍ਰਿੰਸਦੀਪ ਸਿੰਘ (9) ਤੇ ਉਸ ਦੇ ਚਚੇਰੇ ਭਰਾ ਪ੍ਰਭਜੀਤ ਸਿੰਘ (11) ਦੇ ਤੌਰ ’ਤੇ ਕੀਤੀ ਗਈ ਹੈ। ਪ੍ਰਿੰਸਦੀਪ ਸਿੰਘ ਦੇ ਪਿਤਾ ਨਿਸ਼ਾਨ ਨੇ ਦੱਸਿਆ ਕਿ ਲੜਕਿਆਂ ਨੂੰ ਉਨ੍ਹਾਂ ਦੇ ਪਿੰਡ ਦੇ ਨਿਹੰਗ ਸਿੰਘ ਤੇ ਬਾਬੇ ਆਪਣੇ ਘੋੜਿਆਂ ਨੂੰ ਨਹਾਉਣ ਲਈ ਆਪਣੇ ਨਾਲ ਲੈ ਗਏ| ਉੱਥੇ ਸੀਵਰੇਜ ਵਿਛਾਉਣ ਲਈ ਡੂੰਘਾ ਟੋਆ ਪੁੱਟਿਆ ਹੋਇਆ ਸੀ ਜਿਸ ਵਿੱਚ ਪਾਣੀ ਭਰਿਆ ਹੋਣ ਕਰਕੇ ਬੱਚਿਆਂ ਨੂੰ ਪਤਾ ਨਾ ਲੱਗ ਸਕਿਆ ਅਤੇ ਉਹ ਟੋਏ ਵਿੱਚ ਡਿੱਗ ਗਏ| ਟੋਏ ਦੀ ਗਾਰ ਵਿੱਚ ਫਸਣ ਕਾਰਨ ਉਹ ਬਾਹਰ ਨਾ ਨਿਕਲ ਸਕੇ। ਐੱਸਐੱਸਪੀ ਦੀਪਕ ਪਾਰਿਕ ਨੇ ਕਿਹਾ ਕਿ ਹਰੀਕੇ ਦੀ ਪੁਲੀਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਦੇ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ| ਦੂਜੇ ਪਾਸੇ ਪ੍ਰਿੰਸਦੀਪ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਨੇ ਕਸੂਰਵਾਰਾਂ ਖਿਲਾਫ਼ ਕਾਰਵਾਈ ਕਰਵਾਉਣ ਲਈ ਨਿਆਂ ਪਸੰਦ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ| ਪੀੜਤ ਪਰਿਵਾਰਾਂ ਦੇ ਲੋਕਾਂ ਨੇ ਪਿੰਡ ਦੇ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਸਾਹਮਣੇ ਧਰਨਾ ਵੀ ਦਿੱਤਾ|