ਗੁਰਸੇਵਕ ਸਿੰਘ ਪ੍ਰੀਤ/ਇਕਬਾਲ ਸਿੰਘ ਸ਼ਾਂਤ
ਮੁਕਤਸਰ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਸਾਥੀਆਂ ਨੂੰ ਪੰਜ ਪਿਸਤੌਲਾਂ ਅਤੇ 10 ਮੈਗਜ਼ੀਨਾਂ ਸਣੇ ਕਾਬੂ ਕੀਤਾ ਹੈ| ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗੁਰਦੀਪ ਸਿੰਘ ਵਾਸੀ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਅਤੇ ਗੁਰਸੇਵਕ ਸਿੰਘ ਉਰਫ ਮੋਟਾ ਵਾਸੀ ਮਨੂ ਕੇ ਸੰਧੂ ਜ਼ਿਲ੍ਹਾ ਲੁਧਿਆਣਾ ਕੋਲੋਂ ਅਸਲਾ ਬਰਾਮਦ ਕਰ ਕੇ ਥਾਣਾ ਕਬਰਵਾਲਾ ਵਿੱਚ ਕੇਸ ਦਰਜ
ਕੀਤਾ ਗਿਆ ਹੈ|
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੇਸ਼ ਰਾਜ ਦਾ ਕਤਲ ਰਣਜੀਤ ਸਿੰਘ, ਹੰਸਾ ਹਲਵਾਈ, ਨੌਸ਼ਾ ਅਤੇ ਸੀਮਾ ਨੇ ਕੀਤਾ ਸੀ ਜਿਹੜੇ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ| ਇਸੇ ਰੰਜਿਸ਼ ਕਾਰਨ ਗੁਰਦੀਪ ਸਿੰਘ ਦਾ ਸੰਪਰਕ ਹਰਜੋਤ ਸਿੰਘ ਉਰਫ਼ ਨੀਲਾ ਅਤੇ ਜਗਦੀਪ ਸਿੰਘ ਉਰਫ਼ ਜੱਗਾ ਵਾਸੀ ਧੂਲਗੋਟ ਜ਼ਿਲ੍ਹਾ ਮੋਗਾ ਨਾਲ ਹੋਇਆ ਸੀ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਹਨ| ਨੀਲਾ ਤੇ ਜੱਗਾ ਦੇ ਕਹਿਣ ’ਤੇ ਗੁਰਦੀਪ ਸਿੰਘ ਤੇ ਗੁਰਸੇਵਕ ਸਿੰਘ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੋਰ ਗਏ ਤੇ ਉਥੋਂ ਪੰਜ ਪਿਸਤੌਲ ਲੈ ਕੇ ਆਏ। ਇਨ੍ਹਾਂ ਵਿੱਚੋਂ ਦੋ ਪਿਸਤੌਲ ਖ਼ੁਦ ਰੱਖਣੇ ਸਨ ਅਤੇ ਤਿੰਨ ਪਿਸਤੌਲ ਨੀਲੇ ਨੂੰ ਦੇਣੇ ਸਨ|
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਰਜੋਤ ਤੇ ਨੀਲੇ ਖ਼ਿਲਾਫ਼ ਪਹਿਲਾਂ ਹੀ 12 ਕੇਸ, ਜੱਗੇ ਖ਼ਿਲਾਫ਼ 10 ਕੇਸ ਅਤੇ ਗੁਰਦੀਪ ਸਿੰਘ ਖ਼ਿਲਾਫ਼ ਦੋ ਕੇਸ ਦਰਜ ਹਨ| ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲੀਸ ਰਿਮਾਂਡ ਲਿਆ ਜਾਵੇਗਾ|