ਨਕਲੀ ਸਾਮਾਨ ਸਪਲਾਈ ਕਰਨ ਦੇ ਦੋਸ਼ ਹੇਠ ਦੋ ਕਾਬੂ
ਕਰਮਵੀਰ ਸਿੰਘ ਸੈਣੀ
ਮੂਨਕ, 14 ਜੁਲਾਈ
ਇੱਥੋਂ ਨੇੜਲੇ ਹਰਿਆਣਾ ਦੇ ਸ਼ਹਿਰ ਜਾਖਲ ਦੀ ਸੈਨੇਟਰੀ ਐਂਡ ਹਾਰਡਵੇਅਰ ਦੀ ਫਰਮ ਵੱਲੋਂ ਨਾਮੀ ਫਰਮ ਦੀਆਂ ਜਾਅਲੀ ਮੋਹਰਾਂ ਲਗਾ ਕੇ ਨਕਲੀ ਮਾਲ ਪੰਜਾਬ ਭੇਜੇ ਜਾਣ ਦਾ ਪਰਦਾਫ਼ਾਸ਼ ਹੋਇਆ ਹੈ। ਆਰਕੇ ਐਂਡ ਐਸੋਸੀਏਟ ਕੰਪਨੀ ਮੁਹਾਲੀ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾ ਲਾ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਭੇਜਿਆ ਜਾ ਰਿਹਾ ਨਕਲੀ ਸਾਮਾਨ ਬਰਾਮਦ ਕੀਤਾ ਹੈ। ਕੰਪਨੀ ਦੀ ਅਧਿਕਾਰੀ ਰਚਨਾ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਰਜਤ ਵਾਸੀ ਨਰਵਾਣਾ (ਹਰਿਆਣਾ) ਨੇ ਜਾਖਲ ਵਿੱਚ ਦੁਕਾਨ ਕੀਤੀ ਹੋਈ ਹੈ। ਉਹ ਇੱਥੋਂ ਪਾਈਪਾਂ ’ਤੇ ਆਸ਼ੀਰਵਾਦ ਕੰਪਨੀ ਦਾ ਨਕਲੀ ਮਾਰਕਾ ਅਤੇ ਕਾਂਸਲ ਨੈਰੋਲੈਕ ਕੰਪਨੀ ਦੇ ਜਾਅਲੀ ਰੰਗ ਦੀ ਸਪਲਾਈ ਪੰਜਾਬ ਵਿੱਚ ਕਰਦਾ ਸੀ। ਅੱਜ ਵੀ ਰਜਤ ਵੱਲੋਂ ਪਾਈਪਾਂ ਤੇ ਰੰਗ ਡਰਾਈਵਰ ਗੁਲਜ਼ਾਰ ਖਾਨ ਅਤੇ ਮੱਖਣ ਸਿੰਘ ਰਾਹੀਂ ਛੋਟੇ ਹਾਥੀ ਵਿੱਚ ਭਰ ਕੇ ਜਾਖਲ ਤੇ ਪੰਜਾਬ ਵਿੱਚ ਪਿੰਡ ਬੱਲਰਾਂ ਹੁੰਦੇ ਹੋਏ ਮੂਨਕ ਵੱਲ ਭੇਜਿਆ ਗਿਆ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਕੰਪਨੀ ਦੇ ਅਧਿਕਾਰੀਆਂ ਨੇ ਪਿੰਡ ਬੱਲਰਾਂ ਕੋਲ ਨਾਕਾਬੰਦੀ ਕਰ ਕੇ ਗੱਡੀ ਚਾਲਕ ਤੇ ਉਸ ਦੇ ਸਾਥੀ ਨੂੰ ਸਾਮਾਨ ਸਣੇ ਕਾਬੂ ਕਰ ਕੇ ਮੂਨਕ ਪੁਲੀਸ ਹਵਾਲੇ ਕਰ ਦਿੱਤਾ ਹੈ। ਥਾਣਾ ਮੁਖੀ ਮੂਨਕ ਜਗਤਾਰ ਸਿੰਘ ਨੇ ਦੱਸਿਆ ਕਿ ਨਕਲੀ ਮਾਲ ਤਿਆਰ ਕਰ ਕੇ ਵੇਚਣ ਸਬੰਧੀ ਰਜਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਜਦੋਂਕਿ ਇਸ ਮਾਮਲੇ ਉਸ ਦੇ ਸਹਿਯੋਗੀ ਡਰਾਈਵਰ ਗੁਲਜ਼ਾਰ ਖਾਨ ਤੇ ਮੱਖਣ ਸਿੰਘ ਨੂੰ ਸਾਮਾਨ ਅਤੇ ਵਾਹਨ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਰਜਤ ਵਾਸੀ ਨਰਵਾਣਾ (ਹਰਿਆਣਾ) ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।