ਜਾਸੂਸੀ ਦੇ ਦੋਸ਼ ਹੇਠ ਫੌਜ ਦੇ ਜਵਾਨ ਸਣੇ ਦੋ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਜੂਨ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਭਾਰਤੀ ਫੌਜ ਦੇ ਜਵਾਨ ਤੇ ਉਸ ਦੇ ਸਹਿਯੋਗੀ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫੌਜੀ ਅਤੇ ਸਾਹਿਲ ਮਸੀਹ ਉਰਫ਼ ਸ਼ਾਲੀ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ‘ਐਕਸ’ ’ਤੇ ਦੱਸਿਆ ਕਿ ਗੋਪੀ ਫੌਜੀ ਇਸ ਸਮੇਂ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਤੇ ਜੰਮੂ ਵਿੱਚ ਤਾਇਨਾਤ ਹੈ। ਉਹ ਅਤੇ ਉਸ ਦਾ ਸਾਥੀ ਸਾਹਿਲ ਮਸੀਹ ਅੰਮ੍ਰਿਤਸਰ ਦੇ ਪਿੰਡ ਧਾਰੀਵਾਲ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਆਈਐੱਸਆਈ ਹੈਂਡਲਰ ਨਾਲ ਸਿੱਧੇ ਸੰਪਰਕ ਵਿੱਚ ਸੀ। ਉਸ ’ਤੇ ਪੈੱਨ ਡਰਾਈਵ ਰਾਹੀਂ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ। ਆਈਐੱਸਆਈ ਹੈਂਡਲਰ ਦੀ ਪਛਾਣ ਰਾਣਾ ਜਾਵੇਦ ਵਜੋਂ ਹੋਈ ਹੈ।
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਰਚੁਅਲ ਨੰਬਰਾਂ ਵਾਲੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਆਈਐੱਸਆਈ ਹੈਂਡਲਰਾਂ ਨਾਲ ਕਥਿਤ ਗੱਲਬਾਤ ਲਈ ਕੀਤੀ ਜਾਂਦੀ ਸੀ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਗੋਪੀ ਫੌਜੀ ਨੂੰ 2016 ਵਿੱਚ ਫੌਜ ਵਿੱਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਾਸੂਸੀ ਨੈੱਟਵਰਕ ਨੂੰ ਚਲਾਉਣ ਵਾਸਤੇ ਮੁਲਜ਼ਮ ਦੀ ਮਦਦ ਅਰਜਨ ਵਜੋਂ ਜਾਣੇ ਜਾਂਦੇ ਉਸ ਦੇ ਇੱਕ ਜਾਣਕਾਰ ਵਲੋਂ ਕੀਤੀ ਗਈ ਸੀ, ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਹੈ ਅਤੇ ਹੁਣ ਦੁਬਈ ਵਿਚ ਹੈ। ਉਹ ਕਥਿਤ ਤੌਰ ’ਤੇ ਨਸ਼ਾ ਤਸਕਰੀ ਨਾਲ ਸਬੰਧਤ ਹੈ। ਉਸ ਨੇ ਪੰਜ ਮਹੀਨੇ ਪਹਿਲਾਂ ਗੁਰਪ੍ਰੀਤ ਦਾ ਆਈਐੱਸਆਈ ਹੈਂਡਲਰ ਨਾਲ ਸੰਪਰਕ ਕਰਵਾਇਆ ਸੀ। ਗੁਰਪ੍ਰੀਤ ਉਦੋਂ ਤੋਂ ਹੀ ਨਿਰਧਾਰਤ ਥਾਵਾਂ ਦੀ ਜਾਣਕਾਰੀ, ਸੰਵੇਦਨਸ਼ੀਲ ਫੌਜੀ ਡੇਟਾ ਆਈਐੱਸਆਈ ਨੂੰ ਭੇਜ ਰਿਹਾ ਸੀ। ਐੱਸਐੱਸਪੀ ਨੇ ਕਿਹਾ ਕਿ ਇਸ ਜਾਸੂਸੀ ਲਈ ਉਸ ਨੂੰ ਇੱਕ ਵਿੱਤੀ ਨੈੱਟਵਰਕ ਰਾਹੀਂ ਰਕਮ ਮਿਲ ਰਹੀ ਸੀ, ਜਿਸ ਵਾਸਤੇ ਉਹ ਦੋਸਤਾਂ, ਰਿਸ਼ਤੇਦਾਰਾਂ ਅਤੇ ਹੋਰਨਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਮਿਲਣ ਮਗਰੋਂ ਪੁਲੀਸ ਨੇ ਗੁਰਪ੍ਰੀਤ ਅਤੇ ਉਸਦੇ ਸਾਥੀ ਸਾਹਿਲ ਮਸੀਹ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਸੰਵੇਦਨਸ਼ੀਲ ਡੇਟਾ ਕਿਸੇ ਹੋਰ ਨੂੰ ਸੌਂਪਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਥਾਣਾ ਲੋਪੋਕੇ ਵਿੱਚ ਕੇਸ ਦਰਜ ਕੀਤਾ ਗਿਆ ਹੈ।