ਹਿਮਾਚਲ ਰੋਡਵੇਜ਼ ਦੀ ਬੱਸ ’ਤੇ ਹਮਲਾ ਕਰਨ ਵਾਲੇ ਦੋ ਗ੍ਰਿਫ਼ਤਾਰ
ਸ਼ਸ਼ੀ ਪਾਲ ਜੈਨ
ਖਰੜ, 21 ਮਾਰਚ
ਖਰੜ ਪੁਲੀਸ ਨੇ ਲੰਘੇ ਦਿਨੀਂ ਹਿਮਾਚਲ ਰੋਡਵੇਜ਼ ਦੀ ਬੱਸ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ 18 ਮਾਰਚ ਨੂੰ ਨਾਮਲੂਮ ਵਿਅਕਤੀਆਂ ਵੱਲੋਂ ਸੈਕਟਰ-43 ਤੋਂ ਹਮੀਰਪੁਰ ਰੂਟ ’ਤੇ ਜਾ ਰਹੀ ਐੱਚਆਰਟੀਸੀ ਦੀ ਬੱਸ (ਐੱਚਪੀ 67 ਏ 1321) ਦੀ ਖਰੜ ਫਲਾਈਓਵਰ ’ਤੇ ਭੰਨ-ਤੋੜ ਕੀਤੀ ਗਈ ਸੀ। ਇਸ ਸਬੰਧੀ ਥਾਣਾ ਸਿਟੀ ਖਰੜ ’ਚ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਤਫ਼ਤੀਸ਼ ਤਹਿਤ ਥਾਣਾ ਸਿਟੀ ਖਰੜ ਦੇ ਮੁੱਖ ਅਫਸਰ ਐੱਸਆਈ ਅਜੀਤੇਸ਼ ਕੌਸ਼ਲ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਕੋਟਲਾ ਨਿਹੰਗ ਤੇ ਗਗਨਦੀਪ ਸਿੰਘ ਵਾਸੀ ਪਿੰਡ ਜੰਡਵਾਲਾ ਭੀਮੇਸ਼ਾਹ ਵਜੋਂ ਹੋਈ ਹੈ। ਡੀਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਆਲਟੋ ਕਾਰ (ਪੀਬੀ 01 ਸੀ 0595) ਬਰਾਮਦ ਕੀਤੀ ਗਈ ਹੈ।