ਬਾਰਾਂ ਕਿਲੋ ਅਫੀਮ ਬਰਾਮਦ; ਦੋ ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ ਅੰਤਰਰਾਜੀ ਅਫੀਮ ਤਸਕਰੀ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 12 ਕਿਲੋ ਅਫੀਮ, ਡਰੱਗ ਮਨੀ ਅਤੇ ਵਾਹਨ ਬਰਾਮਦ ਹੋਇਆ ਹੈ। ਮੁਲਜ਼ਮਾਂ ਦੀ ਸ਼ਨਾਖਤ ਹਰਵਿੰਦਰ ਸਿੰਘ ਉਰਫ ਹੈਰੀ ਵਾਸੀ ਪਿੰਡ ਹਰੜ, ਥਾਣਾ ਰਮਦਾਸ, ਅੰਮ੍ਰਿਤਸਰ ਦਿਹਾਤੀ ਅਤੇ ਰਣਜੀਤ ਸਿੰਘ ਉਰਫ ਰਾਣਾ ਵਾਸੀ ਪਿੰਡ ਅਵਾਨ, ਥਾਣਾ ਰਮਦਾਸ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਪੁਲੀਸ ਨੇ 12 ਕਿਲੋ ਅਫੀਮ, ਕਾਰ ਤੇ ਡਰੱਗ ਮਨੀ ਵਜੋਂ 6 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਵਿੱਚ ਕਮਿਸ਼ਨਰੇਟ ਪੁਲੀਸ ਨੇ ਗੋਲਡਨ ਗੇਟ ਨੇੜੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਅਫੀਮ ਦੀ ਅੰਤਰਰਾਜੀ ਸਪਲਾਈ ਵਿੱਚ ਸ਼ਾਮਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਪੰਜਾਬ ਵਿੱਚ ਸਪਲਾਈ ਲਈ ਖੇਪਾਂ ਲਿਆ ਰਹੇ ਸਨ ਅਤੇ ਨਸ਼ੀਲੇ ਪਦਾਰਥ ਨੂੰ ਆਪਣੇ ਇਲਾਕੇ ਦੇ ਆਲੇ ਦੁਆਲੇ ਸਪਲਾਈ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋ ਅਫੀਮ, ਕਾਰ ਤੇ 6 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਹਰਵਿੰਦਰ ਸਿੰਘ ਉਰਫ ਹੈਰੀ ਦਾ ਭਰਾ, ਗੁਰਪ੍ਰੀਤ ਸਿੰਘ ਵੀ ਅਜਿਹੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਕੋਲੋਂ ਸੱਤ ਕਿਲੋ ਅਫੀਮ ਬਰਾਮਦ ਕੀਤੀ ਗਈ ਸੀ। ਹਰਵਿੰਦਰ ਸਿੰਘ ਉਰਫ ਹੈਰੀ 2022 ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮ ਹੈ।