ਟਰੰਪ-ਮਸਕ ਵਿਵਾਦ ਦਾ ਐੱਕਸੀਓਮ 4 ਮਿਸ਼ਨ ’ਤੇ ਨਹੀਂ ਪਵੇਗਾ ਅਸਰ
ਅਕਸ਼ੀਵ ਠਾਕੁਰ
ਨਵੀਂ ਦਿੱਲੀ, 6 ਜੂਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਪੇਸਐੱਕਸ ਦੇ ਮੁਖੀ ਐਲਨ ਮਸਕ ਦੇ ਰਿਸ਼ਤਿਆਂ ’ਚ ਆਈ ਤਰੇੜ ਦੇ ਬਾਵਜੂਦ ਭਾਰਤ ਦੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਦੇ ਐਕਸੀਓਮ 4 ਮਿਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ। ਸੁਭਾਂਸ਼ੂ ਸ਼ੁਕਲਾ ਨੇ 10 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਉਡਾਣ ਭਰਨੀ ਹੈ। ਨਾਸਾ ਦੇ ਪ੍ਰੈੱਸ ਸਕੱਤਰ ਬੇਥਨੀ ਸਟੀਵਨਸ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਰਾਸ਼ਟਰਪਤੀ ਦੇ ਨਜ਼ਰੀਏ ਨੂੰ ਪੂਰਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰਖੇਗੀ ਅਤੇ ਉਹ ਆਪਣੀ ਸਨਅਤ ਦੇ ਭਾਈਵਾਲਾਂ ਨਾਲ ਰਲ ਕੇ ਕੰਮ ਕਰਨਾ ਜਾਰੀ ਰਖਣਗੇ। ਜ਼ਿਕਰਯੋਗ ਹੈ ਕਿ ਟਰੰਪ ਅਤੇ ਉਨ੍ਹਾਂ ਦੇ ਸਾਬਕਾ ਹਮਾਇਤੀ ਤੇ ਸਲਾਹਕਾਰ ਰਹੇ ਮਸਕ ਜਨਤਕ ਤੌਰ ’ਤੇ ਮਿਹਣੋ-ਮਿਹਣੀ ਹੋ ਗਏ ਹਨ ਜਿਸ ਕਾਰਨ ਮਿਸ਼ਨ ’ਤੇ ਅਸਰ ਪੈਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਟਰੰਪ ਵੱਲੋਂ ਵਿਆਪਕ ਟੈਕਸ-ਕਟੌਤੀ ਅਤੇ ਖ਼ਰਚੇ ਸਬੰਧੀ ਬਿੱਲ ਲਿਆਂਦੇ ਜਾਣ ਦੀ ਮਸਕ ਨੇ ਨਿਖੇਧੀ ਕੀਤੀ ਸੀ ਕਿਉਂਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮਸਕ ਦੇ ਕਾਰੋਬਾਰ ਨੂੰ ਝਟਕਾ ਲੱਗ ਸਕਦਾ ਹੈ। ਬਿੱਲ ਦੀ ਨਿਖੇਧੀ ਮਗਰੋਂ ਟਰੰਪ ਨੇ ਮਸਕ ਦੇ ਸਰਕਾਰੀ ਠੇਕਿਆਂ ’ਚ ਕਟੌਤੀ ਦੀ ਚਿਤਾਵਨੀ ਦਿੱਤੀ। ਮਸਕ ਨੇ ਦਾਅਵਾ ਕੀਤਾ ਕਿ ਜੇ ਉਹ ਨਾ ਹੁੰਦਾ ਤਾਂ ਟਰੰਪ ਰਾਸ਼ਟਰਪਤੀ ਅਹੁਦੇ ਦੀ ਚੋਣ ਹਾਰ ਜਾਂਦੇ। ਉਧਰ ਟਰੰਪ ਨੇ ਕਿਹਾ ਕਿ ਜੇ ਮਸਕ ਨਾ ਹੁੰਦਾ ਤਾਂ ਵੀ ਉਨ੍ਹਾਂ ਰਾਸ਼ਟਰਪਤੀ ਵਜੋਂ ਵੱਡੀ ਜਿੱਤ ਦਰਜ ਕਰਨੀ ਸੀ।
ਸਟਾਰਲਿੰਕ ਨੂੰ ਭਾਰਤ ਵਿੱਚ ਸੈਟੇਲਾਈਟ ਸੰਚਾਰ ਸੇਵਾਵਾਂ ਲਈ ਲਾਇਸੈਂਸ ਮਿਲਿਆ
ਨਵੀਂ ਦਿੱਲੀ: ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ’ਚ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਲਈ ਦੂਰਸੰਚਾਰ ਵਿਭਾਗ ਤੋਂ ਲਾਇਸੈਂਸ ਮਿਲ ਗਿਆ ਹੈ। ਯੂਟੇਲਸੈੱਟ ਵੰਨਵੈੱਬ ਅਤੇ ਜੀਓ ਸੈਟੇਲਾਈਟ ਕਮਿਊਨਿਕੇਸ਼ਨਸ ਮਗਰੋਂ ਸਟਾਰਲਿੰਕ ਤੀਜੀ ਕੰਪਨੀ ਹੈ ਜਿਸ ਨੂੰ ਦੇਸ਼ ’ਚ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਲਈ ਦੂਰਸੰਚਾਰ ਵਿਭਾਗ ਤੋਂ ਲਾਇਸੈਂਸ ਮਿਲਿਆ ਹੈ। ਚੌਥੀ ਕੰਪਨੀ ਅਮੇਜ਼ਨ ਦੀ ਕੂਈਪਰ ਹਾਲੇ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ। ਸੂਤਰਾਂ ਨੇ ਸਟਾਰਲਿੰਕ ਨੂੰ ਲਾਇਸੈਂਸ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਅਪਲਾਈ ਕਰਨ ਦੇ 15-20 ਦਿਨਾਂ ਦੇ ਅੰਦਰ ਹੀ ਟ੍ਰਾਇਲ ਸਪੈਕਟਰਮ ਮਨਜ਼ੂਰ ਕਰ ਦਿੱਤਾ ਜਾਵੇਗਾ। ਇਹ ਲਾਇਸੈਂਸ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਜਨਤਕ ਤੌਰ ’ਤੇ ਹੋਏ ਵੱਡੇ ਵਿਵਾਦ ਦੇ ਕੁਝ ਘੰਟਿਆਂ ਮਗਰੋਂ ਮਿਲਿਆ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਵਿਚਾਲੇ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਮਸਕ ਨੇ ਟਰੰਪ ਦੇ ਵਿਆਪਕ ਟੈਕਸ ਕਟੌਤੀ ਅਤੇ ਖ਼ਰਚੇ ਬਾਰੇ ਬਿੱਲ ਦੀ ਨਿਖੇਧੀ ਕੀਤੀ ਸੀ। ਦੂਰਸੰਚਾਰ ਵਿਭਾਗ ਵੱਲੋਂ ਸਟਾਰਲਿੰਕ ਨੂੰ ਲੈਟਰ ਆਫ਼ ਇੰਟੈਂਟ (ਐੱਲਓਆਈ) ਜਾਰੀ ਕੀਤੇ ਜਾਣ ਦੇ ਤਕਰੀਬਨ ਇਕ ਮਹੀਨੇ ਬਾਅਦ ਲਾਇਸੈਂਸ ਦਿੱਤਾ ਗਿਆ ਹੈ। -ਪੀਟੀਆਈ