ਜੀ-7 ਸੰਮੇਲਨ ਵਿਚਾਲੇ ਛੱਡ ਟਰੰਪ ਅਮਰੀਕਾ ਪਰਤੇ
ਕਨਾਨਸਕਿਸ (ਕੈਨੇਡਾ), 17 ਜੂਨ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਦੇ ਕਨਾਨਸਕਿਸ ’ਚ ਜਾਰੀ ਜੀ-7 ਸਿਖਰ ਸੰਮੇਲਨ ਵਿਚਾਲੇ ਛੱਡ ਦੇ ਅਮਰੀਕਾ ਚਲੇ ਗਏ ਜਿਸ ਕਾਰਨ ਇਸ ਸੰਮੇਲਨ ’ਚ ਹੁਣ ਸਿਰਫ਼ ਛੇ ਮੁਲਕ ਰਹਿ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬਰਤਾਨੀਆ, ਫਰਾਂਸ, ਇਟਲੀ ਅਤੇ ਜਪਾਨ ਤੋਂ ਉਨ੍ਹਾਂ ਦੇ ਹੁਮਰੁਤਬਾਵਾਂ ਨਾਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਤੇ ਨਾਟੋ ਮੁਖੀ ਮਾਰਕ ਰੂਟੇ ਮੀਟਿੰਗਾਂ ਕਰਨਗੇ। ਸੰਮੇਲਨ ਦੌਰਾਨ ਜੀ-7 ਆਗੂਆਂ ਨੇ ਸਾਂਝੇ ਬਿਆਨ ’ਤੇ ਦਸਤਖ਼ਤ ਕੀਤੇ ਜਿਸ ’ਚ ਇਜ਼ਰਾਈਲ ਤੇ ਇਰਾਨ ਵਿਚਾਲੇ ਲੜਾਈ ਰੋਕਣ ਦਾ ਸੱਦਾ ਦਿੱਤਾ ਗਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਇਰਾਨ ਨੂੰ ਪਰਮਾਣੂ ਬੰਬ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਬੀਤੇ ਦਿਨ ਸੰਮੇਲਨ ’ਚ ਸ਼ਮੂਲੀਅਤ ਤੋਂ ਬਾਅਦ ਟਰੰਪ ਨੇ ਅਚਾਨਕ ਸੰਮੇਲਨ ਛੱਡ ਕੇ ਵਾਪਸ ਜਾਣ ਦਾ ਫ਼ੈਸਲਾ ਕੀਤਾ ਅਤੇ ਅੱਜ ਦੀਆਂ ਸਾਰੀਆਂ ਮੀਟਿੰਗਾਂ ਛੱਡ ਦਿੱਤੀਆਂ ਜੋ ਯੂਕਰੇਨ ਜੰਗ ਤੇ ਹੋਰ ਆਲਮੀ ਕਾਰੋਬਾਰੀ ਮੁੱਦਿਆਂ ਨਾਲ ਸਬੰਧਤ ਸਨ। ਟਰੰਪ ਨੇ ਲੰਘੀ ਸ਼ਾਮ ਜੀ-7 ਸਮੂਹ ਦੇ ਆਗੂਆਂ ਨਾਲ ਯਾਦਗਾਰੀ ਤਸਵੀਰ ਖਿਚਵਾਈ ਤੇ ਕਿਹਾ, ‘ਮੈਨੂੰ ਵਾਪਸ ਜਾਣਾ ਪਵੇਗਾ, ਬਹੁਤ ਜ਼ਰੂਰੀ ਹੈ।’ ਸੰਮੇਲਨ ਦੇ ਮੇਜ਼ਬਾਨ ਮਾਰਕ ਕਾਰਨੀ ਨੇ ਕਿਹਾ, ‘ਮੈਂ ਹਾਜ਼ਰੀ ਲੁਆਉਣ ਲਈ ਤੁਹਾਡਾ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਪੂਰੀ ਤਰ੍ਹਾਂ ਇਸ ਗੱਲ ਨੂੰ ਸਮਝਦਾ ਹਾਂ।’ ਸੰਮੇਲਨ ਦੌਰਾਨ ਕਈ ਮਸਲਿਆਂ ’ਤੇ ਚਰਚਾ ਕੀਤੀ ਜਾਣੀ ਸੀ ਪਰ ਟਰੰਪ ਦੇ ਅਚਾਨਕ ਸੰਮੇਲਨ ’ਚੋਂ ਚਲੇ ਜਾਣ ਕਾਰਨ ਇਸ ’ਚ ਨਵਾਂ ਮੋੜ ਆ ਗਿਆ ਹੈ। ਟਰੰਪ ਪਹਿਲਾਂ ਹੀ ਕਈ ਦਰਜਨ ਮੁਲਕਾਂ ’ਤੇ ਗੰਭੀਰ ਟੈਰਿਫ ਲਗਾ ਚੁੱਕੇ ਹਨ ਜਿਸ ਕਾਰਨ ਆਲਮੀ ਆਰਥਿਕ ਮੰਦੀ ਦਾ ਖਤਰਾ ਹੈ। ਯੂਕਰੇਨ ਤੇ ਗਾਜ਼ਾ ’ਚ ਜੰਗ ਨਾਲ ਨਜਿੱਠਣ ’ਚ ਬਹੁਤ ਘੱਟ ਪ੍ਰਗਤੀ ਹੋਈ ਹੈ। ਟਰੰਪ ਨੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਤੇ ਬਰਤਾਨੀਆ ਜਿਹੇ ਜੀ-7 ਮੁਲਕਾਂ ਨਾਲ ਆਮ ਸਹਿਮਤੀ ਬਣਾਉਣ ਦੀ ਥਾਂ ਸਿਰਫ਼ ਅਮਰੀਕਾ ਨੂੰ ਇਕੱਲਿਆਂ ਦੀ ਅੱਗੇ ਕੀਤਾ ਹੋਇਆ ਹੈ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਇਤਾਲਵੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਅਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਨੇ ਐਤਵਾਰ ਦੇਰ ਸ਼ਾਮ ਸਿਖਰ ਸੰਮੇਲਨ ’ਚ ਪਹੁੰਚਣ ਤੋਂ ਤੁਰੰਤ ਬਾਅਦ ਇੱਕ ਘੰਟੇ ਲਈ ਗ਼ੈਰ ਰਸਮੀ ਮੀਟਿੰਗ ਕੀਤੀ ਜਿਸ ’ਚ ਮੱਧ-ਪੂਰਬ ’ਚ ਵਧਦੇ ਸੰਘਰਸ਼ ਬਾਰੇ ਚਰਚਾ ਕੀਤੀ ਗਈ ਸੀ।
ਇਸੇ ਦੌਰਾਨ ਜੀ-7 ਮੁਲਕਾਂ ਨੇ ਇੱਕ ਸਾਂਝੇ ਬਿਆਨ ’ਤੇ ਦਸਤਖ਼ਤ ਕੀਤੇ ਹਨ ਜਿਸ ’ਚ ਇਜ਼ਰਾਈਲ ਤੇ ਇਰਾਨ ਵਿਚਾਲੇ ਲੜਾਈ ਘਟਾਉਣ ਦਾ ਸੱਦਾ ਦਿੱਤਾ ਗਿਆ ਤੇ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਰਾਨ ਨੂੰ ਪਰਮਾਣੂ ਬੰਬ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬਿਆਨ ’ਚ ਕਿਹਾ ਗਿਆ ਹੈ, ‘ਅਸੀਂ ਜੀ-7 ਦੇ ਆਗੂ ਮੱਧ ਪੂਰਬ ’ਚ ਸ਼ਾਂਤੀ ਤੇ ਸਥਿਰਤਾ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ। ਇਸ ਸੰਦਰਭ ’ਚ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਜ਼ਰਾਈਲ ਨੂੰ ਆਪਣੀ ਰਾਖੀ ਕਰਨ ਦਾ ਅਧਿਕਾਰ ਹੈ। ਅਸੀਂ ਇਜ਼ਰਾਈਲ ਨੂੰ ਸੁਰੱਖਿਆ ਲਈ ਆਪਣੀ ਹਮਾਇਤ ਦਿੰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਨਾਗਰਿਕਾਂ ਦੀ ਸੁਰੱਖਿਆ ਦੇ ਮਹੱਤਵ ਦੀ ਵੀ ਪੁਸ਼ਟੀ ਕਰਦੇ ਹਾਂ। ਇਰਾਨ ਖੇਤਰੀ ਅਸਥਿਰਤਾ ਤੇ ਅਤਿਵਾਦ ਦਾ ਮੁੱਖ ਸਰੋਤ ਹੈ। ਅਸੀਂ ਲਗਾਤਾਰ ਸਪੱਸ਼ਟ ਕਰ ਰਹੇ ਹਾਂ ਕਿ ਇਰਾਨ ਕੋਲ ਕਦੀ ਵੀ ਪਰਮਾਣੂ ਹਥਿਆਰ ਨਹੀਂ ਹੋ ਸਕਦਾ।’ ਜੀ-7 ਦੇ ਬਿਆਨ ’ਚ ਕਿਹਾ ਗਿਆ, ‘ਅਸੀਂ ਸੱਦਾ ਦਿੰਦੇ ਹਾਂ ਕਿ ਇਰਾਨੀ ਸੰਕਟ ਦੇ ਹੱਲ ਨਾਲ ਮੱਧ-ਪੂਰਬ ’ਚ ਦੁਸ਼ਮਣੀ ’ਚ ਕਮੀ ਆਵੇਗੀ ਜਿਸ ’ਚ ਗਾਜ਼ਾ ’ਚ ਜੰਗਬੰਦੀ ਵੀ ਸ਼ਾਮਲ ਹੈ।’ ਸੰਮੇਲਨ ’ਚੋਂ ਜਾਣ ਤੋਂ ਪਹਿਲਾਂ ਟਰੰਪ ਨੇ ਕਾਰਨੀ ਤੇ ਸਟਾਰਮਰ ਤੋਂ ਇਲਾਵਾ ਮਰਜ਼, ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਗੇਰੂ ਇਸ਼ੀਬਾ, ਫਰਾਂਸ ਦੇ ਰਾਸ਼ਟਰਪਤੀ ਮੈਕਰੌਂ ਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਅਰ ਲੇਯੇਨ ਨਾਲ ਮੁਲਾਕਾਤ ਕਰਕੇ ਵੱਖ ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਅੱਜ ਟਰੰਪ ਵੱਲੋਂ ਮੈਕਸਿਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਾਈਨਬੌਮ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ ਜਾਣੀ ਸੀ। -ਏਪੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਪੁੱਜੇ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਅਲਬਰਟਾ ਨੇੜਲੇ ਸ਼ਹਿਰ ਕਨਾਨਸਕੀਸ ਵਿੱਚ ਚੱਲ ਰਹੇ ਤਿੰਨ ਦਿਨਾ ਜੀ 7 ਸੰਮੇਲਨ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੀ ਦੇਰ ਰਾਤ ਕੈਲਗਰੀ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਮੋਦੀ ਕੈਲਗਰੀ ਤੋਂ ਸੜਕ ਰਸਤੇ ਕਨਾਨਸਕੀਸ ਪਹੁੰਚਣਗੇ ਤੇ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ
ਟਰੰਪ ਦਾ ਜੀ-7 ਸੰਮੇਲਨ ’ਚੋਂ ਜਾਣਾ ‘ਵਿਸ਼ਵ ਗੁਰੂ’ ਲਈ ਝਟਕਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਜੀ-7 ਸੰਮੇਲਨ ਵਿਚਾਲੇ ਛੱਡਣ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕੀਤਾ ਕਿ ਇਸ ਨਾਲ ‘ਆਪੂੰ ਬਣੇ ਵਿਸ਼ਵ ਗੁਰੂ ਦੀ ਗਲੇ ਮਿਲਣ ਦੀ ਨੀਤੀ’ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇ ਇਹ ਵੀ ਪੁੱਛਿਆ ਕਿ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ‘ਅਮਰੀਕਾ ਦੇ ਪਾਕਿਸਤਾਨ ਪ੍ਰਤੀ ਨੇੜਤਾ ਬਾਰੇ ਚੁੱਪ ਕਿਉਂ ਹਨ, ਜਿਸ ’ਚ ਪਾਕਿਸਤਾਨ ਦੇ ਥਲ ਸੈਨਾ ਮੁਖੀ ਅਸੀਮ ਮੁਨੀਰ ਦੀ ਅਮਰੀਕਾ ਯਾਤਰਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ), ਜੈਰਾਮ ਰਮੇਸ਼ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਜੀ-7 ਸਿਖ਼ਰ ਸੰਮੇਲਨ ਤੋਂ ਇੱਕ ਦਿਨ ਪਹਿਲਾਂ ਹੀ ਚਲੇ ਗਏ ਹਨ, ਜਦੋਂ ਭਾਰਤ ਸਮੇਤ ਅੱਠ ਹੋਰ ਮੁਲਕਾਂ ਨਾਲ ਜੀ-7 ਸੰਮੇਲਨ ਸ਼ੁਰੂ ਹੋਣ ਵਾਲਾ ਹੈ। ਆਪੂੰ ਬਣੇ ਵਿਸ਼ਵ ਗੁਰੂ ਦੀ ਹਗਲੋਮੇਸੀ (ਗਲੇ ਮਿਲਣ ਦੀ ਨੀਤੀ) ਨੂੰ ਝਟਕਾ ਲੱਗਾ ਹੈ।’ ਵੱਖਰੀ ਪੋਸਟ ’ਚ ਰਮੇਸ਼ ਨੇ ਲਿਖਿਆ, ‘ਹੁਣ ਪ੍ਰਧਾਨ ਮੰਤਰੀ ਦਾ ਢਿੰਡੋਰਾ ਪਿੱਟਣ ਵਾਲੇ ਅਤੇ ਭਾਜਪਾ ਦੀ ਟਰੌਲ ਸੈਨਾ ਇਸ ਤੋਂ ਇਨਕਾਰ ਨਹੀਂ ਕਰ ਸਕਦੀ। ਉਹ ਵਿਅਕਤੀ, ਜਿਸ ਦੀਆਂ ਭੜਕਾਊ ਟਿੱਪਣੀਆਂ ਸਿੱਧੇ ਪਹਿਲਗਾਮ ਅਤਿਵਾਦੀ ਹਮਲੇ ਨਾਲ ਜੁੜੀਆਂ ਸਨ, ਹੁਣ ਅਧਿਕਾਰਤ ਤੌਰ ’ਤੇ ਵਾਸ਼ਿੰਗਟਨ ਡੀਸੀ ’ਚ ਹੈ।’ ਉਨ੍ਹਾਂ ਕਿਹਾ, ‘ਅਸੀਂ ਜੋ ਸਵਾਲ ਪੁੱਛਿਆ ਸੀ, ਉਸ ਨੂੰ ਦੁਹਰਾਉਣਾ ਜ਼ਰੂਰੀ ਹੈ: ਅਸੀਮ ਮੁਨੀਰ ਦੀ ਇਸ ਤਰ੍ਹਾਂ ਮੇਜ਼ਬਾਨੀ ਕਰਕੇ ਅਮਰੀਕਾ ਕੀ ਕਰਨਾ ਚਾਹੁੰਦਾ ਹੈ? ਪਾਕਿਸਤਾਨ ਪ੍ਰਤੀ ਅਮਰੀਕਾ ਦੀ ਇਸ ਤਰ੍ਹਾਂ ਦੀ ਹਰਕਤ ’ਤੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਚੁੱਪ ਕਿਉਂ ਹਨ?’ -ਪੀਟੀਆਈ
ਕਰੈਮਲਿਨ ਨੇ ਜੀ-7 ਨੂੰ ਰੂਸ ਲਈ ‘ਬੇਕਾਰ’ ਦੱਸਿਆ
ਮਾਸਕੋ: ਕਰੈਮਲਿਨ ਨੇ ਅੱਜ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਕਹਿਣਾ ਸਹੀ ਹੈ ਕਿ 2014 ’ਚ ਰੂਸ ਨੂੰ ਜੀ-8 ਤੋਂ ਬਾਹਰ ਕਰਨਾ ਵੱਡੀ ਗਲਤੀ ਸੀ ਪਰ ਜੀ-7 ਹੁਣ ਰੂਸ ਲਈ ਅਹਿਮੀਅਤ ਨਹੀਂ ਰੱਖਦਾ ਅਤੇ ‘ਬੇਕਾਰ’ ਲੱਗਦਾ ਹੈ। ਟਰੰਪ ਨੇ ਬੀਤੇ ਦਿਨ ਕੈਨੇਡਾ ’ਚ ਜੀ-7 ਸਿਖ਼ਰ ਸੰਮੇਲਨ ’ਚ ਕਿਹਾ ਸੀ ਕਿ 2014 ’ਚ ਯੂਕਰੇਨ ਤੋਂ ਕਰੀਮੀਆ ਨੂੰ ਆਪਣੇ ਕਬਜ਼ੇ ਹੇਠ ਲੈਣ ਤੋਂ ਬਾਅਦ ਜੀ-8 ਨੇ ਰੂਸ ਨੂੰ ਬਾਹਰ ਕਰਕੇ ਗਲਤ ਕੀਤਾ ਸੀ। ਕਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਰਾਸ਼ਟਰਪਤੀ ਟਰੰਪ ਨਾਲ ਸਹਿਮਤ ਹਾਂ। ਉਦੋਂ ਜੀ-8 ’ਚੋਂ ਰੂਸ ਨੂੰ ਕੱਢਿਆ ਜਾਣਾ ਵੱਡੀ ਗਲਤੀ ਸੀ।’ ਉਨ੍ਹਾਂ ਕਿਹਾ ਕਿ ਦੁਨੀਆ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੁਣ ਜੀ-7 ਨੇ ਰੂਸ ਲਈ ਵਿਹਾਰਕ ਮਹੱਤਵ ਗੁਆ ਲਿਆ ਹੈ। -ਰਾਇਟਰਜ਼
ਜੀ7 ਸਿਖ਼ਰ ਸੰਮੇਲਨ: ਪਹਿਲੇ ਦਿਨ ਚੰਗੇ ਸਮਝੌਤਿਆਂ ਦੀ ਆਸ ਬੱਝੀ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਅਲਬਰਟਾ ਸੂਬੇ ਦੇ ਪਹਾੜੀ ਨਜ਼ਾਰਿਆਂ ਵਾਲੇ ਸ਼ਹਿਰ ਕਨਾਨਸਿਕ ਵਿੱਚ ਸ਼ੁਰੂ ਹੋਏ ਤਿੰਨ ਰੋਜ਼ਾ ਜੀ7 ਸਮਾਗਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਮੇਤ ਯੂਕੇ, ਇਟਲੀ, ਫਰਾਂਸ਼, ਜਰਮਨੀ ਤੇ ਜਾਪਾਨ ਦੇ ਆਗੂ ਸ਼ਾਮਲ ਹੋਏ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਸਮਾਗਮ ’ਚ ਸ਼ਾਮਲ ਹੋਣ ਆਏ ਆਗੂਆਂ ਦਾ ਭਰਵਾਂ ਸਵਾਗਤ ਕੀਤਾ। ਕਾਰਨੇ ਨੇ ਸਿਖਰ ਵਾਰਤਾ ਤੋਂ ਇਕਪਾਸੇ ਅਮਰੀਕੀ ਰਾਸ਼ਟਰਪਤੀ ਨਾਲ ਵੱਖਰੇ ਤੌਰ ’ਤੇ ਸਕਾਰਾਤਮਕ ਮਾਹੌਲ ਵਿੱਚ ਮੀਟਿੰਗ ਕੀਤੀ। ਮਗਰੋਂ ਟਰੰਪ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਬਰਤਾਨੀਆ ਨਾਲ ਟੈਰਿਫ ਸਮਝੌਤਾ ਸਹੀਬੰਦ ਹੋ ਗਿਆ ਹੈ ਪਰ ਕੈਨੇਡਾ ਨਾਲ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਤੇ ਜਲਦੀ ਹੀ ਇਸ ’ਤੇ ਵੀ ਸਹੀ ਪਾ ਦਿੱਤੀ ਜਾਏਗੀ। ਸਮਝੌਤੇ ਦੀਆਂ ਸ਼ਰਤਾਂ ਬਾਰੇ ਪੁੱਛਣ ’ਤੇ ਅਮਰੀਕੀ ਸਦਰ ਨੇ ਕਿਹਾ ਕਿ ਸਮਾਂ ਆਉਣ ਦਿਓ, ਸਾਰਾ ਕੁਝ ਸਾਹਮਣੇ ਆ ਜਾਏਗਾ। ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਸੋਚ ਵੱਖਰੀ ਹੋ ਸਕਦੀ ਹੈ ਪਰ ਹਿੱਤ ਸਾਂਝੇ ਹਨ। ਟਰੰਪ ਨੇ ਚੀਨ ਨੂੰ ਸੰਮੇਲਨਾਂ ਵਿੱਚ ਸੱਦੇ ਜਾਣ ਦੀ ਵਕਾਲਤ ਕੀਤੀ। ਕੈਨੇਡਿਆਈ ਲੋਕਾਂ ਨੂੰ ਅੱਜ ਟਰੰਪ ਦੇ ਕੋਟ ’ਤੇ ਕੈਨੇਡਾ ਦਾ ਝੰਡਾ ਲੱਗਾ ਵੇਖ ਕੇ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿਚ ਜਲਦੀ ਸੁਧਾਰ ਦੀ ਆਸ ਬੱਝੀ ਹੈ। ਬਾਅਦ ਵਿੱਚ ਟਰੰਪ ਦੇ ਮੀਡੀਆ ਸਕੱਤਰ ਕੈਰੋਲਿਨ ਲੀਵਿਟ ਨੇ ਐੱਕਸ ’ਤੇ ਦੱਸਿਆ ਕਿ ਮੱਧ ਪੂਰਬ ਦੀਆਂ ਘਟਨਾਵਾਂ ਕਾਰਨ ਰਾਸ਼ਟਰਪਤੀ ਦਾ ਸੰਮੇਲਨ ਦੀ ਸਮਾਪਤੀ ਤੋਂ ਪਹਿਲਾਂ ਵਸ਼ਿੰਗਟਨ ਪਰਤਣਾ ਜ਼ਰੂਰੀ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਮੇਲਨ ਵਿੱਚ ਨਹੀਂ ਪੁੱਜ ਸਕੇ। ਉਨ੍ਹਾਂ ਦੀ ਇਥੇ ਰਹਿੰਦੇ ਗਰਮਖਿਆਲੀ ਗਰੁੱਪਾਂ ਦੇ ਸੈਂਕੜੇ ਲੋਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ। ਵੱਖ ਵੱਖ ਥਾਵਾਂ ਤੋਂ ਆਏ ਇਨ੍ਹਾਂ ਲੋਕਾਂ ਦੇ ਵੱਡੇ ਕਾਫਲੇ ਨੂੰ ਸੰਮੇਲਨ ਵਾਲੀ ਥਾਂ ਤੋਂ ਕਾਫੀ ਪਿੱਛੇ ਰੋਕ ਲਿਆ ਗਿਆ ਸੀ। ਇਨ੍ਹਾਂ ’ਚੋਂ ਕੁਝ ਦੀ ਅਗਵਾਈ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਸਮਰਥਕ ਕਰ ਰਹੇ ਸਨ। ਪ੍ਰਦਰਸ਼ਨਕਾਰੀ ਉਸ ਸੜਕ ਤੋਂ ਕਾਫੀ ਨੇੜੇ ਸਨ, ਜਿੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਕਾਫਲਾ ਲੰਘਣ ਦੀ ਉਮੀਦ ਸੀ।
—-ਡੱਬੀ—-
ਕੈਨੇਡਾ ਦੇ ਸੈਨੇਟਰ ਬਲਤੇਜ ਢਿੱਲੋਂ ਨੇ ਮੋਦੀ ਨੂੰ ਸੱਦਣ ’ਤੇ ਕੀਤਾ ਇਤਰਾਜ਼
ਸਾਬਕਾ ਪੁਲੀਸ ਅਧਿਕਾਰੀ ਅਤੇ ਕੈਨੇਡਾ ਦੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੇ ਨਾਂ ਚਿੱਠੀ ਲਿਖ ਕੇ ਰੋਸ ਜਤਾਇਆ ਹੈ। ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਕੈਨੇਡਾ ਵਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਸੰਕੇਤ ਹੈ ਕਿ ਕੈਨੇਡਾ ਵਿੱਚ ਵਿਦੇਸ਼ੀ ਦਖਲ ਦੀਆਂ ਘਟਨਾਵਾਂ ਤੋਂ ਕੁਝ ਵੀ ਸਿੱਖਿਆ ਨਹੀਂ ਗਿਆ। ਢਿੱਲੋਂ ਨੇ ਖਦਸ਼ਾ ਜਤਾਇਆ ਕਿ ਕੈਨੇਡਾ ਵੱਲੋਂ ਥੋੜ ਚਿਰੇ ਵਾਪਰਕ ਲਾਭ ਲਈ ਆਪਣੀਆਂ ਠੋਸ ਨੀਤੀਆਂ ਦੀ ਬਲੀ ਦਿੱਤੀ ਜਾ ਸਕਦੀ ਹੈ।
ਕੈਪਸ਼ਨ: ਗੱਡੀਆਂ ’ਤੇ ਖਾਲਿਸਤਾਨੀ ਝੰਡੇ ਲਾ ਕੇ ਪ੍ਰਦਰਸ਼ਨ ਕਰਦੇ ਹੋਏ ਗਰਮਖਿਆਲੀ।