ਟਰਾਲੀ ਚੋਰੀ ਮਾਮਲਾ: ਕਿਸਾਨਾਂ ਵੱਲੋਂ ਡੀ ਐੱਸ ਪੀ ਦਫ਼ਤਰ ਅੱਗੇ ਪੱਕਾ ਧਰਨਾ
ਡੀ ਐੱਸ ਪੀ ਦੀ ਗੱਡੀ ਨੂੰ ਰੋਕਣ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਾਲੇ ਧੱਕਾ-ਮੁੱਕੀ; ਐੱਸ ਪੀ ਵੱਲੋਂ ਕਾਰਵਾਈ ਦਾ ਭਰੋਸਾ
ਮੋਹਿਤ ਸਿੰਗਲਾ
ਕਿਸਾਨ ਜਥੇਬੰਦੀਆਂ ਨੇ ਟਰਾਲੀ ਚੋਰੀ ਮਾਮਲੇ ’ਚ ਅੱਜ ਇਥੋਂ ਦੀ ਡੀ ਐੱਸ ਪੀ ਦਫ਼ਤਰ ਅੱਗੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਬਾਅਦ ਦੁਪਹਿਰ ਲਗਪਗ ਇੱਕ ਵਜੇ ਜਦੋਂ ਡੀ ਐੱਸ ਪੀ ਮਨਦੀਪ ਕੌਰ ਬਾਹਰ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਧੱਕਾ-ਮੁੱਕੀ ਵੀ ਹੋਈ ਅਤੇ ਸੜਕ ’ਤੇ ਜਾਮ ਲੱਗ ਗਿਆ। ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਪਹਿਲ ਕਰਨ ਦੇ ਦੋਸ਼ ਲਾਏ। ਮੌਕਾ ਸੰਭਾਲਣ ਲਈ ਪਟਿਆਲਾ ਤੋਂ ਐੱਸ ਪੀ ਜਸਵੀਰ ਸਿੰਘ ਨੂੰ ਭੇਜਿਆ ਗਿਆ। ਇਸ ਮਗਰੋਂ ਪੁਲੀਸ ਤੇ ਆਗੂਆਂ ਦਰਮਿਆਨ ਦੋ ਮੀਟਿੰਗਾਂ ਹੋਈਆਂ। ਕਿਸਾਨ ਆਗੂ ਜਸਵਿੰਦਰ ਲੌਂਗੋਵਾਲ ਨੇ ਮੰਗ ਕੀਤੀ ਕਿ ਸ਼ੰਭੂ ਮੋਰਚੇ ਤੋਂ ਟਰਾਲੀਆਂ ਚੋਰੀ ਦੇ ਮਾਮਲੇ ਵਿੱਚ ਨਗਰ ਕੌਂਸਲ ਪ੍ਰਧਾਨ ਅਤੇ ਈ ਓ ਨੂੰ ਨਾਮਜ਼ਦ ਕਰਕੇ ਪੜਤਾਲ ਕੀਤੀ ਜਾਵੇ। ਉਨ੍ਹਾਂ ਨੇ ਸਾਬਕਾ ਡੀ ਆਈ ਜੀ ਨੂੰ ਵੀ ਟਰਾਲੀ ਚੋਰੀ ਲਈ ਕਸੂਰਵਾਰ ਠਹਿਰਾਇਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਹੋਰ ਬਰਾਮਦ ਟਰਾਲੀਆਂ ਬਾਰੇ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ। ਕਿਸਾਨ ਆਗੂ ਜਰਨੈਲ ਸਿੰਘ ਕਾਲੇਕਾ ਨੇ ਦੋਸ਼ ਲਾਇਆ ਕਿ ਇਸ ਕੇਸ ਵਿੱਚ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਪੁਲੀਸ ਕਾਰਵਾਈ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
ਇਹ ਧਰਨਾ ਕਿਸਾਨ ਯੂਨੀਅਨ ਆਜ਼ਾਦ, ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਭਟੇੜੀ ਵੱਲੋਂ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਾਭਾ ਕੋਤਵਾਲੀ ਵਿੱਚ ਨਾਭਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਖ਼ਿਲਾਫ਼ ਟਰਾਲੀ ਚੋਰੀ ਦਾ ਕੇਸ ਦਰਜ ਹੈ। ਉਨ੍ਹਾਂ ਨੂੰ ਪੇਸ਼ਗੀ ਜ਼ਮਾਨਤ ਮਿਲਣ ਕਾਰਨ ਕਿਸਾਨਾਂ ਵਿੱਚ ਰੋਸ ਹੈ।
ਪੜਤਾਲ ਮਗਰੋਂ ਕਾਰਵਾਈ ਕੀਤੀ ਜਾਵੇਗੀ: ਅੱੈਸ ਪੀ
ਐੱਸ ਪੀ ਜਸਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿੱਤੀ ਦਰਖ਼ਾਸਤ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਪੁਲੀਸ ਤੇ ਕਿਸਾਨਾਂ ਦਰਮਿਆਨ ਝੜਪ ਬਾਰੇ ਉਨ੍ਹਾਂ ਨੇ ਕਿਹਾ ਕਿ ਮਾਮਲਾ ਪੜਤਾਲ ਅਧੀਨ ਹੈ।