ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ
ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਭੇਜੇ ਗਏ ਸ਼ੋਕ ਸੁਨੇਹੇ; ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਅਨਾਜ ਮੰਡੀ ਟੌਹੜਾ ਵਿੱਚ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ‘ਆਪ’, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਸੁਤੰਤਰ), ਬਸਪਾ ਤੇ ਖੱਬੇ-ਪੱਖੀ ਧਿਰਾਂ ਦੇ ਆਗੂਆਂ ਸਣੇ ਕਈ ਧਾਰਮਿਕ ਹਸਤੀਆਂ ਵੀ ਸਮਾਗਮ ਦਾ ਹਿੱਸਾ ਬਣੀਆਂ। ਇਸ ਦੌਰਾਨ ਹਰਮੇਲ ਟੌਹੜਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲ਼ਾ ਕੋਈ ਵੀ ਸ਼ਖ਼ਸ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕਰਨਾ ਨਾ ਭੁੱਲਿਆ। ਇਸ ਦੌਰਾਨ ਨਾ ਸਿਰਫ਼ ਅਕਾਲੀ ਪਿਛੋਕੜ ਵਾਲੇ ਬਲਕਿ ਹੋਰ ਬੁਲਾਰਿਆਂ ਦੀਆਂ ਤਕਰੀਰਾਂ ਵੀ ਮਰਹੂਮ ਟੌਹੜਾ ਦੀ ਵਿਚਾਰਧਾਰਾ ਅਤੇ ਵਿਰਾਸਤ ਨੂੰ ਅਪਣਾਉਣ ਦੀ ਬਾਤ ਪਾਉਂਦੀਆਂ ਰਹੀਆਂ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਵੀ ਸ਼ੋਕ ਸੁਨੇਹਾ ਭੇਜਿਆ ਜੋ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਮੰਚ ਤੋਂ ਪੜ੍ਹਿਆ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜਿਆ ਅਧਿਕਾਰਤ ਸ਼ੋਕ ਸੁਨੇਹਾ ਨਾਭਾ ਤੋਂ ‘ਆਪ’ ਦੇ ਵਿਧਾਇਕ ਦੇਵ ਮਾਨ ਨੇ ਪਰਿਵਾਰ ਨੂੰ ਸੌਂਪਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਤਰਫ਼ੋਂ ਸ਼ਰਧਾਂਜਲੀ ਭੇਟ ਕੀਤੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਤੇ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਇਲਾਵਾ ਗਿਆਨ ਮੂੰਗੋ, ਇੰਦਰਜੀਤ ਸੰਧੂ ਆਦਿ ‘ਆਪ’ ਆਗੂ ਵੀ ਸ਼ਰਧਾਂਜਲੀ ਦੇਣ ਲਈ ਪੁੱਜੇ।
ਸ਼ਰਧਾਂਜਲੀ ਦੇਣ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਟੌਹੜਾ ਪਰਿਵਾਰ ਦੇ ਫਰਜ਼ੰਦਾਂ ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ਨੂੰ ਸਿਰੋਪੇ ਅਤੇ ਪੱਗਾਂ ਭੇਟ ਕੀਤੀਆਂ। ਕਈ ਹੋਰਨਾਂ ਨੇ ਵੀ ਇਹ ਰੀਤ ਨਿਭਾਈ। ਧਾਰਮਿਕ ਖੇਤਰ ਤੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਤੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਅਮਰੀਕਾ ਤੋਂ ਸੰਤ ਦਲਜੀਤ ਸਿੰਘ ਸ਼ਿਕਾਗੋ ਦਾ ਸ਼ੋਕ ਸੁਨੇਹਾ ਵੀ ਆਇਆ। ਸਾਰਿਆਂ ਨੇ ਬੀਬੀ ਕੁਲਦੀਪ ਕੌਰ ਟੌਹੜਾ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਗਿਆਨੀ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਬਰਾੜ, ਮਨੋਰੰਜਨ ਕਾਲੀਆ, ਸੁੱਚਾ ਸਿੰਘ ਛੋਟੇਪੁਰ, ਦਲਜੀਤ ਚੀਮਾ, ਹਰਪ੍ਰੀਤ ਕੌਰ ਮੁਖਮੈਲਪੁਰ, ਅਮਰੀਕ ਮਲਿਕਪੁਰ, ਹਰਦਿਆਲ ਕੰਬੋਜ, ਮਦਨਲਾਲ ਜਲਾਲਪੁਰ, ਹਰਵਿੰਦਰ ਹਰਪਾਲਪੁਰ, ਹਰਵਿੰਦਰ ਖਨੌੜਾ, ਜਗਦੀਸ਼ ਜੱਗਾ, ਹੈਰੀ ਮਾਨ, ਹਰਪ੍ਰੀਤ ਕੌਰ ਮੁਖਮੈਲਪੁਰ, ਚੇਅਰਮੈਨ ਸੰਤੋਖ ਸਿੰਘ, ਕਰਨੈਲ ਪੀਰਮੁਹੰਮਦ, ਭੁਪਿੰਦਰ ਸ਼ੇਖੂਪੁਰ, ਜਗਦੀਪ ਨਕੱਈ, ਬਲਵਿੰਦਰ ਦੌਣ, ਜਗਜੀਤ ਕੋਹਲੀ, ਰਣਧੀਰ ਰੱਖੜਾ, ਜਸਪਾਲ ਕਲਿਆਣ, ਜਗਵਿੰਦਰ ਸਵਾਜਪੁਰ, ਹਰਿੰਦਰਪਾਲ ਸਿੰਘ, ਭੁਪਿੰਦਰ ਬਧੌਛੀ, ਹਰਜੀਤ ਹਰਮਨ, ਗੁਰਪ੍ਰੀਤ ਲਖਮੀਰਵਾਲਾ, ਸੁਖਜੀਤ ਬਘੌਰਾ, ਪਰਮਜੀਤ ਕੌਰ ਲਾਂਡਰਾਂ, ਰਣਧੀਰ ਸਮੂਰਾਂ ਆਦਿ ਵੀ ਪੁੱਜੇ ਹੋਏ ਸਨ।
ਅੰਤ ’ਚ ਸੰਗਤ ਦੇ ਧੰਨਵਾਦ ਦੌਰਾਨ ਸਮਾਗਮ ’ਚ ਜੁੜੇ ਇਕੱਠ ਤੋਂ ਪ੍ਰਭਾਵਿਤ ਹੋਏ ਹਰਿੰਦਰਪਾਲ ਟੌਹੜਾ ਦਾ ਗੱਚ ਭਰ ਆਇਆ। ਭਾਜਪਾ ’ਚ ਸਰਗਰਮ ਕੰਵਰਵੀਰ ਟੌਹੜਾ ਛੋਟੀ ਉਮਰੇ ਤੇ ਛੋਟੇ ਵਕਫ਼ੇ ਦੌਰਾਨ ਹੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ’ਚ ਚੰਗੀ ਭੱਲ ਬਣਾਉਣ ਦੀ ਚਰਚਾ ਵੀ ਮੰਚ ਤੋਂ ਚੱਲੀ। ਇਸ ਮੌਕੇ ਮਨਵਿੰਦਰ ਗੋਲਡੀ, ਡਾ. ਜਸਪ੍ਰੀਤ ਕੌਰ, ਪ੍ਰੋ. ਹਰਨੀਤ ਕੌਰ ਤੇ ਮਹਿਰੀਨ ਕਾਲੇਕਾ ਸਣੇ ਪ੍ਰਿੰਸੀਪਲ ਭਰਭੂਰ ਲੌਟ ਤੇ ਪੀ ਏ ਸੁਖਦੇਵ ਪੰਡਤਾ ਵੀ ਹਾਜ਼ਰ ਸਨ।