ਅਤਿਵਾਦ ਦੇ ਦੌਰ ’ਚ ਸ਼ਹੀਦੀਆਂ ਪਾਉਣ ਵਾਲੇ ਪੰਜਾਬ ਪੁਲੀਸ ਅਤੇ ਨੀਮ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸਮਰਪਿਤ ‘ਪੁਲੀਸ ਸ਼ਹੀਦੀ ਦਿਵਸ’ ਮੌਕੇ ਐੱਸ ਐੱਸ ਪੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਪੁਲੀਸ ਲਾਈਨ ਪਟਿਆਲਾ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੀ ਅਗਵਾਈ ਕਰਦਿਆਂ ਡੀ ਆਈ ਜੀ ਕੁਲਦੀਪ ਸਿੰਘ ਚਾਹਲ ਨੇ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸੂਬੇ ’ਚ ਅਮਨ-ਕਾਨੂੰਨ ਕਾਇਮ ਕਰਨ ਲਈ ਦਹਾਕਾ ਭਰ ਅਤਿਵਾਦ ਨਾਲ ਲੜਦਿਆਂ ਪੁਲੀਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਕਈ ਪਰਿਵਾਰਕ ਮੈਂਬਰਾਂ ਸਣੇ 1784 ਜਾਨਾਂ ਗਈਆਂ। ਪੰਜਾਬ ਪੁਲੀਸ ਮੌਜੂਦਾ ਦੌਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਪੂਰੀ ਤਰ੍ਹਾਂ ਸਮਰੱਥ ਅਤੇ ਪ੍ਰਤੀਬੱਧ ਹੈ।
ਐੱਸ ਐੱਸ ਪੀ ਵਰੁਣ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਅਤਿਵਾਦੀਆਂ ਦਾ ਹੀ ਦੂਜਾ ਰੂਪ ਦੱਸਦਿਆਂ ਕਿਹਾ ਕਿ ਪੁਲੀਸ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਨਸ਼ਿਆਂ ਖ਼ਿਲਾਫ਼ ਯੋਜਨਾਬੱਧ ਲੜਾਈ ਲੜ ਰਹੀ ਹੈ ਅਤੇ ਜਲਦੀ ਹੀ ਇਸ ਦਾ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ, ‘ਅਤਿਵਾਦ ਦੀ ਭੇਟ ਚੜ੍ਹਨ ਵਾਲੇ 1784 ਸ਼ਹੀਦਾਂ ’ਚੋਂ 157 ਪਟਿਆਲਾ ਰੇਂਜ ਤੋਂ ਸਨ, ਜਿਨ੍ਹਾਂ ਦੇ ਪਰਿਵਾਰਾਂ ਦੇ ਸਿਦਕ ਨੂੰ ਵੀ ਅਸੀਂ ਸਿਜਦਾ ਕਰਦੇ ਹਾਂ। ਇਨ੍ਹਾਂ ਦਾ ਮੁੱਲ ਕਦੇ ਮੋੜਿਆ ਨਹੀਂ ਜਾ ਸਕਦਾ।’ ਉਨ੍ਹਾਂ ਦੱਸਿਆ ਕਿ ਇਨ੍ਹਾਂ 1784 ਸ਼ਹੀਦਾਂ ’ਚੋਂ ਕੁਝ ਆਈ ਪੀ ਐੱਸ ਵੀ ਸਨ, ਜਿਨ੍ਹਾਂ ਵਿੱਚ ਡੀ ਆਈ ਜੀ ਅਵਤਾਰ ਸਿੰਘ ਅਟਵਾਲ ਤੇ ਅਜੀਤ ਸਿੰਘ, ਪਟਿਆਲਾ ਦੇ ਦੋ ਐੱਸ ਐੱਸ ਪੀ ਸ਼ੀਤਲ ਦਾਸ ਤੇ ਅਰਵਿੰਦਰ ਬਰਾੜ, ਆਈ ਪੀ ਐੱਸ ਗੋਬਿੰਦ ਰਾਮ, ਪਟਿਆਲਾ ਦੇ ਦੋ ਐੱਸਪੀ ਕੇ ਆਰ ਐੱਸ ਗਿੱਲ ਤੇ ਬਲਦੇਵ ਸਿੰਘ ਬਰਾੜ, ਬਟਾਲਾ ਦੇ ਐੱਸ ਪੀ ਰੁਪਿੰਦਰਪਾਲ ਸਿੰਘ ਤੇਜਾ ਤੇ ਗੁਰਦੀਪ ਸਿੰਘ ਸ਼ਾਹੀ ਸ਼ਾਮਲ ਹਨ। ਉਧਰ ਮੌਤ ਦੀ ਪਰਵਾਹ ਨਾ ਕਰਦਿਆਂ ਇਨ੍ਹਾਂ ’ਚੋਂ ਕਈਆਂ ਦੇ ਪਰਿਵਾਰਕ ਮੈਂਬਰ ਵੀ ਪੁਲੀਸ ’ਚ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ’ਚ ਗੈਂਗਸਟਰਾਂ ਨਾਲ ਲੋਹਾ ਲੈਣ ਵਾਲੇ ਡੀ ਐੱਸ ਪੀ ਬਿਕਰਮਜੀਤ ਬਰਾੜ ਤੇ ਉਨ੍ਹਾਂ ਦੇ ਭਰਾ ਵਰਿੰਦਰ ਬਰਾੜ ਸਮੇਤ ਏ ਆਈ ਜੀ ਜਸਕਿਰਨਜੀਤ ਤੇਜਾ ਅਤੇ ਐੱਸ ਪੀ ਹਰਮੀਤ ਅਟਵਾਲ ਆਦਿ ਵੀ ਸ਼ਾਮਲ ਹਨ।
ਡੀ ਐੱਸ ਪੀ ਨੇਹਾ ਅਗਰਵਾਲ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸਾਲ ਦੌਰਾਨ ਸ਼ਹੀਦ ਹੋਣ ਵਾਲੇ ਪੁਲੀਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ, ਜਦਕਿ ਡੀ ਐੱਸ ਪੀ (ਰੂਰਲ) ਹਰਸਿਮਰਨ ਸਿੰਘ ਦੀ ਅਗਵਾਈ ਹੇਠ ਪੁਲੀਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ।
ਇਸ ਮੌਕੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ, ਐੱਸ ਐੱਸ ਪੀ ਵਰੁਣ ਸ਼ਰਮਾ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਹਰਿੰਦਰ ਸੰਧੂ ਅਤੇ ਏ ਡੀ ਸੀ ਸਿਮਰਪ੍ਰੀਤ ਕੌਰ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੁਲੀਸ ਮੁਖੀ ਦੇ ਰੀਡਰ ਅਵਤਾਰ ਪੰਜੋਲਾ ਨੇ ਦੱਸਿਆ ਕਿ ਇਸ ਮੌਕੇ ਖੂਨਦਾਨ ਕੈਂਪ ਵੀ ਲਾਇਆ ਗਿਆ।