ਅੰਮ੍ਰਿਤਸਰ ਤੋਂ ਉੱਤਰਾਖੰਡ ਤੱਕ ਫੈਲੀ ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਅੰਮ੍ਰਿਤਸਰ ਤੋਂ ਉਤਰਾਖੰਡ ਦੇ ਹਰਿਦੁਆਰ ਸਥਿਤ ਨਿਰਮਾਣ ਯੂਨਿਟ ਤੱਕ ਫੈਲੀ ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਸਿਰਫ 15 ਦਿਨਾਂ ਵਿੱਚ ਟਰਾਮਾਡੋਲ ਦੀਆਂ 74,465 ਗੋਲੀਆਂ, ਅਲਪ੍ਰਾਜ਼ੋਲਮ ਦੀਆਂ 50 ਗੋਲੀਆਂ ਅਤੇ ਟਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ ਅਤੇ 7.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਕੈਮਿਸਟ, ਵਿਤਰਕ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਪਲਾਂਟ ਮੁਖੀ ਸਣੇ ਛੇ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਲੂਸੈਂਟ ਬਾਇਓਟੈਕ ਲਿਮਟਿਡ, ਰੁੜਕੀ ਦੇ ਪਲਾਂਟ ਮੈਨੇਜਰ ਹਰੀ ਕਿਸ਼ੋਰ ਅਤੇ ਰਿਕਾਲ ਲਾਈਫਸਾਇੰਸਿਜ਼, ਰੁੜਕੀ ਦੇ ਮਾਲਕ-ਕਮ-ਪਾਰਟਨਰ ਬਿਕਰਮ ਵਜੋਂ ਹੋਈ ਹੈ।
ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਵਿੱਚ ਮਨੀਸ਼ ਕੁਮਾਰ ਅਰੋੜਾ, ਪੂਰਨ ਜਾਟਵ ਅਤੇ ਕਥੂਨੰਗਲ ਸਥਿਤ ਮੈਡੀਕਲ ਸਟੋਰ ਮਾਲਕ ਕੁਲਵਿੰਦਰ ਸਿੰਘ ਉਰਫ਼ ਕਿੰਦਾ ਸ਼ਾਮਲ ਹਨ। ਇਸ ਤੋ ਪਹਿਲਾਂ ਇਸ ਮਾਮਲੇ ਵਿੱਚ ਟਰਾਮਾਡੋਲ ਦੀਆਂ 35 ਗੋਲੀਆਂ ਦੀ ਬਰਾਮਦਗੀ ਦੇ ਨਾਲ ਸਥਾਨਕ ਤਸਕਰ ਰਵਿੰਦਰ ਸਿੰਘ ਉਰਫ਼ ਨਿੱਕਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਜਾਂਚ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। ਡੀਜੀਪੀ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ‘ਟਰਾਕੇਮੀ-100’ ਟਰਾਮਾਡੋਲ ਦੇ ਪੱਤਿਆਂ ਜਿਨ੍ਹਾਂ ’ਤੇ ‘ਸਿਰਫ਼ ਸਰਕਾਰੀ ਸਪਲਾਈ-ਵਿਕਰੀ ਲਈ ਨਹੀਂ’ ਲਿਖਿਆ ਹੋਇਆ ਹੈ। ਇਸ ਸਬੰਧ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਕੰਪਨੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲੀਸ ਅਤੇ ਡਰੱਗ ਇੰਸਪੈਕਟਰਾਂ ਦੀ ਸਾਂਝੀ ਟੀਮ ਨੇ ਹਰਿਦੁਆਰ ਦੇ ਰੁੜਕੀ ਸਥਿਤ ਫਾਰਮਾ ਕੰਪਨੀਆਂ ’ਤੇ ਛਾਪਾ ਮਾਰਿਆ। ਇਸ ਦੌਰਾਨ ਬਿਨਾਂ ਲੇਬਲ ਟਰਾਮਾਡੋਲ ਦੀਆਂ 4,130 ਗੋਲੀਆਂ ਅਤੇ 325 ਕਿਲੋਗ੍ਰਾਮ ਗੈਰ-ਰਜਿਸਟਰਡ ਕੱਚਾ ਮਾਲ ਜ਼ਬਤ ਕੀਤਾ ਗਿਆ। ਇਸ ਸਬੰਧੀ ਕੇਸ ਅੰਮ੍ਰਿਤਸਰ ਦੇ ਪੁਲੀਸ ਸਟੇਸ਼ਨ ਏ-ਡਿਵੀਜ਼ਨ ਵਿੱਚ ਦਰਜ ਕੀਤਾ ਗਿਆ ਹੈ।