ਗੁਰਨਾਮ ਸਿੰਘ ਅਕੀਦਾ
ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਾਰਤ ਸਰਕਾਰ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਰੇਲ ਮੰਤਰਾਲੇ ਦੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਦੌਰਾਨ ਮੁਲਾਕਾਤ ਕੀਤੀ। ਉਨ੍ਹਾਂ ਪਟਿਆਲਾ ਅਤੇ ਮਾਲਵਾ ਖੇਤਰ ਵਿੱਚ ਰੇਲਵੇ ਲਿੰਕ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਮੁੱਖ ਪ੍ਰਸਤਾਵ ਪੇਸ਼ ਕੀਤੇ। ਰੇਲ ਮੰਤਰੀ ਨੇ ਯਕੀਨ ਦਿਵਾਇਆ ਕਿ ਸਾਰੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਮੀਟਿੰਗ ਦੌਰਾਨ ਡਾ. ਗਾਂਧੀ ਨੇ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐੱਲ ਡਬਲਿਊ) ਵਿੱਚ ਡੈਡੀਕੇਟਿਡ ਵਾਸ਼ਿੰਗ ਲਾਈਨ ਸਥਾਪਤ ਕਰਨ ਦੀ ਜ਼ੋਰਦਾਰ ਮੰਗ ਰੱਖੀ। ਉਨ੍ਹਾਂ ਕਿਹਾ ਕਿ ਪੀ ਐੱਲ ਡਬਲਿਊ ਕੋਲ ਮਜ਼ਬੂਤ ਮੌਜੂਦਾ ਬੁਨਿਆਦੀ ਢਾਂਚਾ ਹੈ, ਜਿਸ ਕਰਕੇ ਇਹ ਆਧੁਨਿਕ ਵਾਸ਼ਿੰਗ ਅਤੇ ਮੇੈਨਟੇਨੈਂਸ ਸਹੂਲਤ ਲਈ ਸਭ ਤੋਂ ਢੁਕਵੀਂ ਥਾਂ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਵਿਕਾਸ ਅੰਬਾਲਾ ਅਤੇ ਚੰਡੀਗੜ੍ਹ ’ਤੇ ਦਬਾਅ ਘਟਾਏਗਾ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਵਪਾਰੀ, ਪ੍ਰੋਫੈਸ਼ਨਲ ਅਤੇ ਰੋਜ਼ਾਨਾ ਯਾਤਰੀ ਸਵੇਰੇ ਪੁਰਾਣੀ ਦਿੱਲੀ ਵਿੱਚ ਹੋਲਸੇਲ ਮਾਰਕੀਟਾਂ ਅਤੇ ਕਾਰੋਬਾਰੀ ਕੰਮਾਂ ਲਈ ਪਹੁੰਚਦੇ ਹਨ ਪਰ ਸਵੇਰੇ 6 ਵਜੇ ਸਭ ਤੋਂ ਮਹੱਤਵਪੂਰਨ ਸਮੇਂ ਦੌਰਾਨ ਕੋਈ ਵੀ ਗੱਡੀ ਨਹੀਂ ਹੈ। ਇਸ ਘਾਟ ਨੂੰ ਪੂਰਾ ਕਰਨ ਲਈ, ਉਨ੍ਹਾਂ ਟਰੇਨਾਂ 14681/82 ਅਤੇ 14679/80 ਨੂੰ ਧੂਰੀ-ਪਟਿਆਲਾ ਰਾਹੀਂ ਚਲਾਉਣ ਦੀ ਬੇਨਤੀ ਕੀਤੀ ਤਾਂ ਜੋ ਪਟਿਆਲਾ ਤੋਂ ਸਵੇਰੇ ਰਵਾਨਗੀ ਸੰਭਵ ਹੋ ਸਕੇ। ਟਾਟਾਨਗਰ-ਮੁੜੀ ਟਰੇਨ ਨੰਬਰ 18101/18102 ਨੂੰ ਪਟਿਆਲਾ ਰਾਹੀਂ ਉਸ ਦੇ ਪੁਰਾਣੀ ਰੂਟ ’ਤੇ ਬਹਾਲ ਕਰਨ ਦੀ ਮੰਗ ਕੀਤੀ। 1984 ਤੋਂ ਪਹਿਲਾਂ ਇਥੇ ਇਹ ਰੇਲ ਸਫਲਤਾਪੂਰਵਕ ਚਲਦੀ ਸੀ। ਰੇਲ ਮੰਤਰੀ, ਰਾਜ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨੇ ਡਾ. ਗਾਂਧੀ ਨੂੰ ਯਕੀਨ ਦਿਵਾਇਆ ਕਿ ਪਟਿਆਲਾ-ਮਾਲਵਾ ਖੇਤਰ ਦੇ ਮੁੱਦਿਆਂ ਨੂੰ ਤਰਜੀਹ ਨਾਲ ਵਿਚਾਰਿਆ ਜਾਵੇਗਾ।

