ਪੰਜਾਬ ਦੇ ਸਭ ਤੋਂ ਅਖੀਰਲੇ ਕਸਬੇ ਦੁਨੇਰਾ ਵਿਚ ਕਟੋਰੀ ਬੰਗਲਾ ਰੈਸਟ ਹਾਊਸ ਕੋਲ ਸੜਕ ਧਸਣ ਕਾਰਨ ਇੱਕ ਟਰੱਕ ਸੜਕ ਵਿਚਕਾਰ ਹੀ ਅੱਧਾ ਪਲਟ ਗਿਆ ਜਿਸ ਨਾਲ ਹਿਮਾਚਲ ਪ੍ਰਦੇਸ਼ ਦੇ ਚੰਬਾ, ਡਲਹੌਜ਼ੀ ਨੂੰ ਜਾਣ ਵਾਲਾ ਸਾਰਾ ਟਰੈਫਿਕ ਹੀ ਰੁਕ ਗਿਆ ਅਤੇ ਪੰਜ ਘੰਟੇ ਤੱਕ ਇਹ ਜਾਮ ਲੱਗਿਆ ਰਿਹਾ ਜਿਸ ਨਾਲ ਚੰਬਾ, ਡਲਹੌਜ਼ੀ ਨੂੰ ਜਾਣ ਵਾਲੇ ਸੈਲਾਨੀ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਨੂੰ ਜਾਣ ਵਾਲੀਆਂ ਅਖਬਾਰਾਂ ਵਾਲੀਆਂ ਟੈਕਸੀਆਂ ਜਾਮ ਵਿੱਚ ਫਸੀਆਂ ਰਹੀਆਂ। ਇਸ ਕਾਰਨ ਪਾਠਕਾਂ ਨੂੰ ਅਖਬਾਰਾਂ ਸਮੇਂ ਸਿਰ ਨਾ ਮਿਲਣ ਕਾਰਨ ਬਹੁਤ ਪ੍ਰੇਸ਼ਾਨੀ ਹੋਈ। ਸਵੇਰ ਸਾਢੇ ਚਾਰ ਵਜੇ ਦਾ ਜਾਮ ਹੋਇਆ ਟਰੈਫਿਕ ਸਵੇਰੇ 9:30 ਵਜੇ ਬਹਾਲ ਹੋ ਸਕਿਆ।
ਸੈਂਟਰਲ ਪਬਲਿਕ ਵਰਕਸ ਡਿਪਾਰਟਮੈਂਟ ਦੇ ਸਬੰਧਿਤ ਐਸਡੀਓ ਸੰਦੀਪ ਖੰਨਾ ਦਾ ਕਹਿਣਾ ਸੀ ਕਿ ਸਵੇਰੇ ਸਾਢੇ ਸੱਤ ਵਜੇ ਉਨ੍ਹਾਂ ਨੂੰ ਸੜਕ ਦੇ ਧਸਣ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਜੇਸੀਬੀ ਮਸ਼ੀਨ ਨੂੰ ਮੌਕੇ ਉੱਪਰ ਭੇਜਿਆ ਅਤੇ ਦੋ ਘੰਟੇ ਦੀ ਕਸ਼ਮਕਸ਼ ਬਾਅਦ ਟਰੈਫਿਕ ਨੂੰ ਬਹਾਲ ਕਰਵਾਇਆ। ਉਨ੍ਹਾਂ ਦੱਸਿਆ ਕਿ ਸੜਕ ਕਿਨਾਰੇ ਜੋ ਰਿਟੇਨਿੰਗ ਦੀਵਾਰ ਬਣੀ ਹੁੰਦੀ ਹੈ, ਉਹ 40-50 ਸਾਲ ਪੁਰਾਣੀ ਹੋ ਚੁੱਕੀ ਹੈ ਅਤੇ ਖਸਤਾ ਹਾਲ ਹੋਣ ਕਰਕੇ ਸੜਕ ਉਥੋਂ ਧੱਸ ਗਈ। ਉਨ੍ਹਾਂ ਕਿਹਾ ਕਿ ਧੱਸ ਗਈ ਸੜਕ ਵਿੱਚ ਹੁਣ ਬਜਰੀ ਭਰੀ ਜਾ ਰਹੀ ਹੈ ਅਤੇ ਸ਼ਾਮ ਤੱਕ ਇਹ ਕੰਮ ਜੰਗੀ ਪੱਧਰ ਤੇ ਜਾਰੀ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਸੜਕ ਨੂੰ ਆਰਜ਼ੀ ਤੌਰ ਤੇ ਚਾਲੂ ਕੀਤਾ ਜਾ ਰਿਹਾ ਹੈ ਪਰ ਇਸ ਦਾ ਪੱਕਾ ਹੱਲ ਕੱਢਣ ਲਈ ਦਿੱਲੀ ਸਥਿਤ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।

