ਧਰਨਾਕਾਰੀ ਦੀ ਮੌਤ ਮਗਰੋਂ ਕੌਮੀ ਮਾਰਗ ’ਤੇ ਆਵਾਜਾਈ ਠੱਪ
ਜਗਜੀਤ ਸਿੰਘ
ਇੱਥੇ ਟਿੱਪਰ ਮਾਲਕਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਬੀਤੀ ਦੇਰ ਰਾਤ ਸਨੀ ਢਾਬੇ ਕੋਲ ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਦੇ ਚਾਲਕ ਨੇ ਇੱਕ ਧਰਨਾਕਾਰੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਰੋਸ ਵਜੋਂ ਧਰਨਾਕਾਰੀਆਂ ਨੇ ਕਰੀਬ ਡੇਢ ਘੰਟਾ ਆਵਾਜਾਈ ਠੱਪ ਕੀਤੀ।
ਜਾਣਕਾਰੀ ਮੁਤਾਬਕ ਹਾਦਸੇ ’ਚ ਮਰਨ ਵਾਲੇ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ (27) ਵਾਸੀ ਪਿੰਡ ਉਮਰਪੁਰ ਜਦੋਂਕਿ ਗੰਭੀਰ ਜ਼ਖ਼ਮੀਆਂ ਦੀ ਪਛਾਣ ਗਗਨ ਸ਼ਰਮਾ ਵਾਸੀ ਹਰੀਗੜ੍ਹ ਬਰਨਾਲਾ ਅਤੇ ਦਲਜੀਤ ਸਿੰਘ ਵਾਸੀ ਕੁੱਲੀਆਂ ਵਜੋਂ ਹੋਈ ਹੈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੌਰਵ ਸੈਣੀ, ਸ਼ਿਵਮ ਭੋਗਲ, ਹਰਵਿੰਦਰਪਾਲ ਸਿੰਘ ਅਤੇ ਚਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਨਾਕਿਆਂ ’ਤੇ ਬਿਨਾਂ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਗੱਡੀ ਚਾਲਕ ਕੋਲੋਂ ਤਿਆਰ ਮਾਲ ’ਤੇ ਐਕਸ, ਐੱਮ ਅਤੇ ਕਿਊ ਫਾਰਮਾਂ ਦੀ ਮੰਗ ਨਾ ਕੀਤੀ ਜਾਵੇ, ਹਾਦਸੇ ਦੌਰਾਨ ਫੌਤ ਹੋਏ ਨੌਜਵਾਨ ਦੇ ਮਾਪਿਆਂ ਨੂੰ ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ, ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ 5-5 ਲੱਖ ਰੁਪਏ ਦੀ ਮਦਦ ਕੀਤੀ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਮੌਕੇ ’ਤੇ ਪਹੁੰਚੇ ਤਹਿਸੀਲਦਾਰ ਲਖਵਿੰਦਰ ਸਿੰਘ ਤੇ ਡੀਐੱਸਪੀ ਕੁਲਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਟਿੱਪਰ ਚਾਲਕਾਂ ਦੀਆਂ ਮੁਸ਼ਕਲਾਂ ਬਾਰੇ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਦੇਣਗੇ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖ਼ਤਮ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 10 ਅਗਸਤ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੂਬਾ ਪੱਧਰੀ
ਸੰਘਰਸ਼ ਵਿੱਢਣਗੇ।
ਕਾਰ ਖੱਡ ’ਚ ਡਿੱਗਣ ਕਾਰਨ ਦੋ ਹਲਾਕ, ਤਿੰਨ ਜ਼ਖਮੀ
ਫਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਅੱਜ ਦੁਪਹਿਰ ਕਠੂਆ-ਬਸੋਹਲੀ ਸੜਕ ’ਤੇ ਕੈਂਟਾ ਮੋੜ (ਡਖਨਾਕਾ) ਨੇੜੇ ਥਾਣਾ ਬਸੰਤਪੁਰ ਵਿੱਚ ਫਿਰੋਜ਼ਪੁਰ ਨੰਬਰ ਦੀ ਗੱਡੀ (ਪੀਬੀ-10 ਕੇਬੀ 5888) ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ ਕਾਰ ਵਿੱਚ ਸਵਾਰ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਬਸੰਤਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਜੀਐੱਮਸੀ ਕਠੂਆ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਹਿੰਦਰਪਾਲ ਅਤੇ ਪਵਨ ਮਦਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀ ਤਿੰਨ ਜ਼ਖ਼ਮੀਆਂ ਸਨੀ ਅਰੋੜਾ, ਸੁਧੀਰ ਅਤੇ ਅਨਿਲ ਮੋਂਗਾ (ਸਾਰੇ ਫਿਰੋਜ਼ਪੁਰ ਦੇ ਵਸਨੀਕ) ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।