ਤਕਨਾਲੋਜੀ ਫਰਮਾਂ ’ਤੇ ਜ਼ਿਆਦਾ ਟੈਕਸਾਂ ਕਾਰਨ ਕੈਨੇਡਾ ਨਾਲ ਵਪਾਰਕ ਗੱਲਬਾਤ ਖ਼ਤਮ: ਟਰੰਪ
ਵਾਸ਼ਿੰਗਟਨ, 28 ਜੂਨ
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਕੈਨੇਡਾ ਵੱਲੋਂ ਤਕਨਾਲੋਜੀ ਫਰਮਾਂ ’ਤੇ ਜ਼ਿਆਦਾ ਟੈਕਸ ਜਾਰੀ ਰੱਖਣ ਦੀਆਂ ਯੋਜਨਾਵਾਂ ਕਾਰਨ ਉਸ ਨਾਲ ਵਪਾਰਕ ਗੱਲਬਾਤ ਮੁਅੱਤਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਕੈਨੇਡਾ ਸਰਕਾਰ ਦਾ ਇਹ ਫੈਸਲਾ ਸਾਡੇ ਦੇਸ਼ ’ਤੇ ਸਿੱਧਾ ਅਤੇ ਸਪੱਸ਼ਟ ਹਮਲਾ ਹੈ।’’ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਨੈੱਟਵਰਕ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਕੈਨੇਡਾ ਨੇ ਹੁਣੇ ਅਮਰੀਕਾ ਨੂੰ ਸੂਚਿਤ ਕੀਤਾ ਹੈ ਕਿ ਉਹ ਡਿਜੀਟਲ ਸੇਵਾਵਾਂ ਟੈਕਸ ਲਾਗੂ ਕਰਨ ਦੀ ਆਪਣੀ ਯੋਜਨਾ ’ਤੇ ਕਾਇਮ ਹੈ, ਜੋ ਕੈਨੇਡਾ ਵਿੱਚ ਆਨਲਾਈਨ ਖ਼ਪਤਕਾਰਾਂ ਨਾਲ ਜੁੜੇ ਕੈਨੇਡੀਅਨ ਅਤੇ ਵਿਦੇਸ਼ੀ ਕਾਰੋਬਾਰਾਂ ’ਤੇ ਲਾਗੂ ਹੁੰਦਾ ਹੈ। ਇਹ ਟੈਕਸ ਸੋਮਵਾਰ ਤੋਂ ਲਾਗੂ ਹੋਣ ਵਾਲਾ ਹੈ। ਟਰੰਪ ਨੇ ਆਪਣੀ ਪੋਸਟ ਵਿੱਚ ਕਿਹਾ, “ਇਸ ਕਾਫੀ ਜ਼ਿਆਦਾ ਟੈਕਸ ਦੇ ਆਧਾਰ ’ਤੇ, ਅਸੀਂ ਕੈਨੇਡਾ ਨਾਲ ਵਪਾਰ ਬਾਰੇ ਸਾਰੀਆਂ ਚਰਚਾ ਤੁਰੰਤ ਤੋਂ ਖ਼ਤਮ ਕਰ ਰਹੇ ਹਾਂ। ਅਸੀਂ ਕੈਨੇਡਾ ਨੂੰ ਅਗਲੇ ਸੱਤ ਦਿਨਾਂ ਦੇ ਅੰਦਰ ਅਮਰੀਕਾ ਨਾਲ ਵਪਾਰ ਕਰਨ ਲਈ, ਜੋ ਟੈਰਿਫ ਦੇਣਾ ਪਵੇਗਾ, ਉਸ ਬਾਰੇ ਦੱਸ ਦੇਵਾਂਗੇ।’’ ਟਰੰਪ ਦਾ ਇਹ ਐਲਾਨ ਜਨਵਰੀ ਵਿੱਚ ਆਪਣੇ ਦੂਜੇ ਕਾਰਜਕਾਲ ਲਈ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਵਪਾਰਕ ਜੰਗ ਵਿੱਚ ਨਵਾਂ ਮੋੜ ਹੈ। ਹਾਲਾਂਕਿ, ਬਾਅਦ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੈਨੇਡਾ ਟੈਕਸ ਹਟਾ ਦੇਵੇਗਾ। ਓਵਲ ਆਫਿਸ ਵਿੱਚ ਟਰੰਪ ਨੇ ਕਿਹਾ, “ਆਰਥਿਕ ਤੌਰ ’ਤੇ ਸਾਡੇ ਕੋਲ ਕੈਨੇਡਾ ਨਾਲੋਂ ਕਾਫੀ ਜ਼ਿਆਦਾ ਤਾਕਤ ਹੈ। ਅਸੀਂ ਇਸ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹਾਂ। ਇਹ ਕੈਨੇਡਾ ਲਈ ਚੰਗਾ ਨਹੀਂ ਹੋਵੇਗਾ। ਕੈਨੇਡਾ ਨੇ ਅਜਿਹਾ ਕਰ ਕੇ ਮੂਰਖਤਾ ਕੀਤੀ ਹੈ।’’ -ਏਪੀ
ਅਮਰੀਕਾ: ਕਾਨੂੰਨੀ ਫਰਮਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਟਰੰਪ ਦਾ ਇੱਕ ਹੋਰ ਕਾਰਜਕਾਰੀ ਹੁਕਮ ਖਾਰਜ
ਵਾਸ਼ਿੰਗਟਨ: ਅਮਰੀਕਾ ਦੇ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਾਨੂੰਨੀ ਫਰਮਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਇੱਕ ਹੋਰ ਕਾਰਜਕਾਰੀ ਹੁਕਮ ਰੱਦ ਕਰ ਦਿੱਤਾ ਹੈ। ਅਮਰੀਕੀ ਜ਼ਿਲ੍ਹਾ ਜੱਜ ਲੋਰੇਨ ਅਲੀਖ਼ਾਨ ਨੇ ਅੱਜ ਫ਼ੈਸਲਾ ਸੁਣਾਇਆ ਕਿ ਸੁਸਮੈਨ ਗੌਡਫ੍ਰੇਅ ਖ਼ਿਲਾਫ਼ ਹੁਕਮ ਗ਼ੈਰਸੰਵਿਧਾਨਕ ਹਨ ਅਤੇ ਇਸ ’ਤੇ ਸਥਾਈ ਰੋਕ ਲਾਈ ਜਾਣੀ ਚਾਹੀਦੀ ਹੈ। ਡੋਨਲਡ ਟਰੰਪ ਕੰਮ ਪਸੰਦ ਨਾ ਆਉਣ ਅਤੇ ਕਾਨੂੰਨੀ ਅਧਿਕਾਰੀ (ਅਟਾਰਨੀ) ਨਿਯੁਕਤ ਕਰਨ ਕਰਕੇ ਉਨ੍ਹਾਂ ਕਾਨੂੰਨੀ ਫਰਮਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਆਪਣਾ ਦੁਸ਼ਮਣ ਮੰਨਦੇ ਹਨ। -ਏਪੀ