ਪੰਜਾਬ ਵਿੱਚ ਸੈਲਾਨੀਆਂ ਦੀ ਆਮਦ ਘਟੀ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੂਬਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਨਹੀਂ ਬਣ ਰਿਹਾ। ਇਸੇ ਕਰਕੇ ਪੰਜਾਬ ਵਿੱਚ ਪਿਛਲੇ ਸਾਲ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕਰੋਨਾ ਤੋਂ ਬਾਅਦ ਸੂਬੇ ਵਿੱਚ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ, ਪਰ ਪਿਛਲੇ ਸਾਲ ਇਹ ਘੱਟ ਗਈ ਹੈ। ਇਸ ਗੱਲ ਦਾ ਖੁਲਾਸਾ ਰਾਜ ਸਭਾ ਵਿੱਚ ਕੇਂਦਰੀ ਸੈਰ ਸਪਾਟਾ ਮੰਤਰੀ ਰਾਜਿੰਦਰ ਸਿੰਘ ਸ਼ੇਖਾਵਤ ਨੇ ਕੀਤਾ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2023 ’ਚ 7.41 ਲੱਖ ਵਿਦੇਸ਼ੀ ਸੈਲਾਨੀ ਪਹੁੰਚੇ ਸਨ, ਜਦਕਿ ਸਾਲ 2024 ਵਿੱਚ ਇਹ ਗਿਣਤੀ ਘਟ ਕੇ 5.41 ਲੱਖ ਰਹਿ ਗਈ ਹੈ। ਇਸੇ ਤਰ੍ਹਾਂ ਸਾਲ 2023 ਵਿੱਚ 3.57 ਕਰੋੜ ਘਰੇਲੂ ਸੈਲਾਨੀ ਪੰਜਾਬ ਪਹੁੰਚੇ ਸਨ, ਜਦਕਿ ਸਾਲ 2024 ਵਿੱਚ ਇਹ ਅੰਕੜਾ ਵੀ ਘਟ ਕੇ 2.77 ਕਰੋੜ ਰਹਿ ਗਿਆ ਹੈ।
ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2020 ’ਚ ਕਰੋਨਾ ਕਰਕੇ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਘਟੀ ਸੀ, ਪਰ ਉਸ ਤੋਂ ਬਾਅਦ ਇਹ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ। ਲੰਘੇ ਵਰ੍ਹੇ ਇਸ ਅੰਕੜੇ ਵਿੱਚ ਮੁੜ ਤੋਂ ਗਿਰਾਵਟ ਦੇਖਣ ਨੂੰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2019 ਵਿੱਚ ਪੰਜਾਬ ’ਚ 4.73 ਕਰੋੜ ਘਰੇਲੂ ਅਤੇ 11.01 ਲੱਖ ਵਿਦੇਸ਼ੀ ਸੈਲਾਨੀ ਪਹੁੰਚੇ ਸਨ। ਉਸ ਤੋਂ ਬਾਅਦ ਸਾਲ 2020 ਵਿੱਚ ਕਰੋਨਾ ਸਮੇਂ 1.66 ਕਰੋੜ ਘਰੇਲੂ ਅਤੇ 3.59 ਲੱਖ ਵਿਦੇਸ਼ੀ ਸੈਲਾਨੀ ਪਹੁੰਚੇ। ਇਸ ਤੋਂ ਬਾਅਦ 2021 ’ਚ 2.66 ਕਰੋੜ ਘਰੇਲੂ ਅਤੇ 3.08 ਲੱਖ ਵਿਦੇਸ਼ੀ ਸੈਲਾਨੀ, 2022 ’ਚ 2.60 ਕਰੋੜ ਘਰੇਲੂ ਤੇ 3.29 ਲੱਖ ਵਿਦੇਸ਼ੀ, 2023 ਵਿੱਚ 3.57 ਕਰੋੜ ਘਰੇਲੂ ਅਤੇ 7.41 ਲੱਖ ਵਿਦੇਸ਼ੀ ਅਤੇ ਸਾਲ 2024 ਵਿੱਚ 2.77 ਕਰੋੜ ਘਰੇਲੂ ਅਤੇ 5.41 ਲੱਖ ਵਿਦੇਸ਼ੀ ਸੈਲਾਨੀ ਪੰਜਾਬ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਗੁਰੂਆਂ-ਪੀਰਾਂ ਤੇ ਆਜ਼ਾਦੀ ਘੁਲਾਟੀਆਂ ਦੀ ਧਰਤੀ ਹੈ। ਇੱਥੇ ਵੱਡੀ ਗਿਣਤੀ ਵਿੱਚ ਧਾਰਮਿਕ ਤੇ ਇਤਿਹਾਸਕ ਸਥਾਨ ਹਨ, ਜਿਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਪ੍ਰਫੁੱਲਤ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ।