ਕਪੂਰਥਲਾ ਪੁਲੀਸ ਵੱਲੋਂ ਫਗਵਾੜਾ ’ਚ ਬਾਹਰਲੇ ਦੇਸ਼ਾਂ ਨਾਲ ਜੁੜੇ ਸਾਈਬਰ ਧੋਖਾਧੜੀ ਗਰੋਹ ਦੇ ਮਾਮਲੇ ’ਚ ਲੁਧਿਆਣਾ ਤੋਂ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਕੋਲੋਂ 2.05 ਕਰੋੜ ਰੁਪਏ ਵੀ ਬਰਾਮਦ ਕੀਤੇ ਹਨ। ਇਸ ਮਗਰੋਂ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 39 ਹੋ ਗਈ ਹੈ, ਹੁਣ ਤੱਕ ਬਰਾਮਦਗੀ 2.15 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਪਵਨ ਵਜੋਂ ਹੋਈ ਹੈ, ਜੋ ਕਿ ਬੀਕਾਨੇਰ, ਰਾਜਸਥਾਨ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਪੁਲੀਸ ਨੇ ਫਗਵਾੜਾ ’ਚ ਇੱਕ ਵੱਡੇ ਸਾਈਬਰ ਧੋਖਾਧੜੀ ਗਰੋਹ ਦਾ ਪਰਦਾਫਾਸ਼ ਕੀਤਾ ਸੀ, ਜੋ ਮੁੱਖ ਤੌਰ ’ਤੇ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨੂੰ ਸਾਫਟਵੇਅਰ ਹੱਲ ਦੇ ਨਾਂ ’ਤੇ ਠੱਗਦਾ ਸੀ। ਇਸ ਦੌਰਾਨ 38 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਨਕਦ ਬਰਾਮਦ ਕੀਤਾ ਗਿਆ ਸੀ।