ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਗੋਇਲ ਮਾਤਾ ਨੈਣਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਜਾਂਦੇ ਸਮੇਂ ਮਾਤਾ ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ’ਚ ਰੁਕੇ ਅਤੇ ਉਨ੍ਹਾਂ ਲੰਗਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਤਾ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਜ਼ਿਆਦਾਤਰ ਸ਼ਰਧਾਲੂ ਪੰਜਾਬ ਤੋਂ ਆਉਂਦੇ ਹਨ ਅਤੇ ਪੰਜਾਬ ਸਰਕਾਰ ਨੇ ਸ਼ਰਧਾਲੂਆਂ ਲਈ ਟੌਲ ਬੰਦ ਕਰ ਦਿੱਤੇ ਹਨ ਪਰ ਹਿਮਾਚਲ ਪ੍ਰਦੇਸ਼ ਵੱਲੋਂ ਕੋਲਾਂਵਾਲਾ ਟੋਭਾ ਵਿੱਚ ਬਣਾਏ ਟੌਲ ਪਲਾਜ਼ਾ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਗੱਲਬਾਤ ਕਰੇਗੀ। ਉਪਰੰਤ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ 350 ਸਾਲਾ ਸ਼ਹੀਦੀ ਸਮਾਗਮ ਨੂੰ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਦੇ ਮੰਤਰੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਣਨ ਸਬੰਧੀ ਸਰਕਾਰ ਵੱਲੋਂ ਇੱਕ ਨੀਤੀ ਬਣਾਈ ਗਈ ਹੈ ਜਿਸ ਨੂੰ ਵਿਧਾਨ ਸਭਾ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਅਨੁਸਾਰ ਜਿਸ ਕਿਸਾਨ ਕੋਲ ਜ਼ਮੀਨ ਹੈ ਉਹ ਖੁਦ ਠੇਕੇਦਾਰ ਹੋਵੇਗਾ ਅਤੇ ਇਸ ਨਾਲ ਰੇਤ-ਬੱਜਰੀ ਖਰੀਦਣ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਬਰਸਾਤ ਤੋਂ ਬਾਅਦ ਪੰਜਾਬ ਸਰਕਾਰ ਸੜਕਾਂ ਬਣਾਉਣ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਤੇ ਚਾਰੇ ਪਾਸੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਮੋਦ ਕੁਮਾਰ, ਮਨੀਸ਼ ਕੁਮਾਰ, ਜਨਕ ਰਾਜ ਸਿੰਗਲਾ, ਸੁਭਾਸ਼ ਸਿੰਗਲਾ ਵੱਲੋਂ ਮੰਤਰੀ ਵਰਿੰਦਰ ਗੋਇਲ ਦਾ ਸਨਮਾਨ ਕੀਤਾ ਗਿਆ। ਪੰਜਾਬ ਦੇ ਮਾਈਨਿੰਗ ਮੰਤਰੀ ਵਰਿੰਦਰ ਗੋਇਲ ਨੇ ਵੀ ਲੰਗਰ ਕਮੇਟੀ ਦਾ ਪਿਛਲੇ 40 ਸਾਲਾਂ ਤੋਂ ਲੰਗਰ ਚਲਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਮਨੀਸ਼ ਕੁਮਾਰ, ਜਨਕ ਰਾਜ ਸਿੰਗਲਾ, ਸੁਭਾਸ਼ ਸਿੰਗਲਾ, ਬਲਜੀਤ, ਸੰਜੀਵ ਉੱਭਾ, ਨੀਤੂ, ਦੀਪਕ ਮੰਗਲਾ, ਪੰਕਜ ਯਾਦਵ, ਰੋਮੀ ਬਜਾਜ, ਸੰਜੇ ਸ਼ਰਮਾ ਤੇ ਹੋਰ ਸੇਵਾਦਾਰ ਹਾਜ਼ਰ ਸਨ।