ਵਿਦੇਸ਼ ਰਹਿੰਦੇ ਨੌਜਵਾਨ ਦੀ ਪਿੰਡ ਗੁਲਾਹੜ ਸਥਿਤ ਘਰ ਵਿੱਚ ਰਹਿੰਦੀ ਪਤਨੀ ਨੇ ਆਪਣੇ ਜੇਠ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਲਿਆ। ਮਾਮਲੇ ਦੇ ਜਾਂਚ ਅਧਿਕਾਰੀ ਏ ਐੱਸ ਆਈ ਜਗਤਾਰ ਰਾਮ ਨੇ ਦੱਸਿਆ ਕਿ ਕਾਜਲ ਰਾਣੀ ਦੇ ਪਿਤਾ ਜੀਤ ਸਿੰਘ ਵਾਸੀ ਪਿੰਡ ਬਲਬੇੜਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਧੀ ਦਾ ਵਿਆਹ 4 ਸਾਲ ਪਹਿਲਾਂ ਪਿੰਡ ਗੁਲਾਹੜ ਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਗੁਰਪ੍ਰੀਤ ਸਿੰਘ ਤਿੰਨ ਸਾਲਾਂ ਤੋਂ ਪੁਰਤਗਾਲ ਵਿੱਚ ਹੈ। ਇਸ ਜੋੜੇ ਦੇ ਕੋਈ ਬੱਚਾ ਨਹੀਂ। ਗੁਰਪ੍ਰੀਤ ਦੇ ਮਾਪਿਆਂ ਦੀ ਵੀ ਮੌਤ ਹੋ ਚੁੱਕੀ ਹੈ। ਕਾਜਲ ਆਪਣੇ ਜੇਠ ਗੁਰਜੰਟ ਸਿੰਘ ਅਤੇ ਜਠਾਣੀ ਰਿੰਪੀ ਦੇ ਨਾਲ ਗੁਲਾਹੜ ਵਿੱਚ ਹੀ ਰਹਿੰਦੀ ਸੀ। ਬੀਤੇ ਦਿਨ ਉਨ੍ਹਾਂ ਦੇ ਜਵਾਈ ਗੁਰਪ੍ਰੀਤ ਨੇ ਪੁਰਤਗਾਲ ਤੋਂ ਇੰਟਰਨੈੱਟ ਰਾਹੀਂ ਫੋਨ ‘ਤੇ ਕਾਜਲ ਰਾਣੀ ਦੇ ਫਾਹਾ ਲੈਣ ਬਾਰੇ ਦੱਸਿਆ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਲਾਹੜ ਪਹੁੰਚੇ, ਜਿਥੇ ਉਹ ਬੈੱਡ ‘ਤੇ ਮਰੀ ਪਈ ਮਿਲੀ ਅਤੇ ਉਸ ਦੇ ਨੇੜੇ ਫਟਿਆ ਹੋਇਆ ਦੁਪੱਟਾ ਸੀ। ਫਾਹੇ ਤੋਂ ਹੇਠਾਂ ਉਤਾਰਨ ਵਾਲੇ ਗੁਆਂਢੀਆਂ ਨੇ ਉਸ ਦੇ ਫਾਹਾ ਲੈਣ ਬਾਰੇ ਦੱਸਿਆ।
ਪਿਤਾ ਅਨੁਸਾਰ ਕਾਜਲ ਦਾ ਜੇਠ ਗੁਰਜੰਟ ਸਿੰਘ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਦੀ ਧੀ ਨੂੰ ਤੰਗ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਹੀ ਉਸ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਧਿਕਾਰੀ ਅਨੁਸਾਰ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਗੁਰਜੰਟ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

