ਸਮੇਂ ਦੇ ਕਦਰਦਾਨ ਫੌਜਾ ਸਿੰਘ ਨੂੰ ਸਮੇਂ ਨੇ ਨਾ ਦਿੱਤਾ ਸਮਾਂ
ਹਤਿੰਦਰ ਮਹਿਤਾ
ਫੌਜਾ ਸਿੰਘ ਨੇ ਹਮੇਸ਼ਾ ਸਮੇਂ ਦੀ ਕਦਰ ਕੀਤੀ ਅਤੇ ਨਾ ਸਿਰਫ਼ ਇੱਕ ਮੈਰਾਥਨ ਦੌੜਾਕ ਵਜੋਂ ਉਮਰ ਨੂੰ ਮਾਤ ਦਿੱਤੀ, ਸਗੋਂ ਉਹ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਪਲ ਨੂੰ ਮਾਣਿਆ ਵੀ ਸੀ। ਮੈਰਾਥਨ ਦੌੜਾਕ ਫੌਜਾ ਸਿੰਘ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਆਪਣੀ ‘ਰਾਡੋ ਘੜੀ’ ਆਪਣੇ ਪੁੱਤਰ ਹਰਵਿੰਦਰ ਸਿੰਘ ਨੂੰ ਬੜੇ ਪਿਆਰ ਨਾਲ ਦਿਖਾਈ ਸੀ। ਫੌਜਾ ਸਿੰਘ ਦੀ 114 ਸਾਲ ਦੀ ਉਮਰ ਵਿੱਚ ਸੋਮਵਾਰ ਨੂੰ ਜਲੰਧਰ ਦੇ ਬਿਆਸ ਪਿੰਡ ’ਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ।
ਹਰਵਿੰਦਰ ਸਿੰਘ ਨੇ ਦੱਸਿਆ, ‘‘ਮੇਰੇ ਪਿਤਾ ਫੌਜਾ ਸਿੰਘ ਹਮੇਸ਼ਾ ਰਾਡੋ ਦੀ ਘੜੀ ਪਹਿਨਦੇ ਸਨ, ਜਿਸ ਨੂੰ ਉਹ ਸੱਚਮੁੱਚ ਪਿਆਰ ਕਰਦੇ ਸਨ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਘੜੀ ਮੈਨੂੰ ਦਿਖਾਈ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਆਖਰੀ ਵਾਰ ਹੋ ਰਿਹਾ ਹੈ।’’ ਅਗਲੇ ਦਿਨ ਫੌਜਾ ਸਿੰਘ ਦੀ ਅਚਾਨਕ ਮੌਤ ਮਗਰੋਂ ਡਾਕਟਰ ਨੇ ਉਹੀ ਘੜੀ ਹਰਵਿੰਦਰ ਸਿੰਘ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਫੌਜਾ ਸਿੰਘ ਦੀ ਮੌਤ ਪਰਿਵਾਰ ਨੂੰ ਲੰਬੇ ਸਮੇਂ ਤੱਕ ਪ੍ਰੇਸ਼ਾਨ ਕਰੇਗੀ। ਜੇਕਰ ਉਹ ਕੁਦਰਤੀ ਤੌਰ ’ਤੇ ਵਿਛੋੜਾ ਦੇ ਜਾਂਦੇ ਜਾਂ ਬਿਮਾਰ ਹੁੰਦੇ ਤਾਂ ਉਹ ਇਸ ਨੂੰ ਸਵੀਕਾਰ ਕਰ ਲੈਂਦੇ ਪਰ ਉਨ੍ਹਾਂ ਦੀ ਜਾਨ ਕਿਸੇ ਹੋਰ ਨੇ ਲਈ ਹੈ ਤੇ ਇਹ ਉਹ ਚੀਜ਼ ਹੈ ਜਿਸ ’ਚੋਂ ਉੱਭਰਨਾ ਮੁਸ਼ਕਲ ਹੋ ਰਿਹਾ ਹੈ। ਫੌਜਾ ਸਿੰਘ ਆਪਣੇ ਪੁੱਤਰ ਹਰਵਿੰਦਰ ਸਿੰਘ, ਨੂੰਹ ਭਨਜੀਤ ਕੌਰ ਤੇ ਇੱਕ ਪੋਤੀ ਨਾਲ ਰਹਿੰਦੇ ਸਨ। ਉਨ੍ਹਾਂ ਦਾ ਵੱਡਾ ਪੁੱਤਰ ਤੇ ਦੋ ਧੀਆਂ ਵਿਦੇਸ਼ ਵਿੱਚ ਹਨ। ਹਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਫੌਜਾ ਸਿੰਘ ਬ੍ਰਾਂਡਿਡ ਚੀਜ਼ਾਂ ਦੇ ਸ਼ੌਕੀਨ ਸਨ। ਉਨ੍ਹਾਂ ਕੋਲ ਜੁੱਤੀਆਂ ਤੇ ਕੱਪੜਿਆਂ ਦਾ ਭੰਡਾਰ ਸੀ। ਉਹ ਜੁਰਾਬਾਂ ਵੀ ਆਪਣੇ ਪਹਿਰਾਵੇ ਦੇ ਰੰਗ ਨਾਲ ਮਿਲਾ ਕੇ ਪਹਿਨਦੇ ਸਨ। ਫੌਜਾ ਸਿੰਘ ਦਾ ਕਰੀਬੀ ਸਾਥੀ ਤੇ ਹਰਵਿੰਦਰ ਸਿੰਘ ਦਾ ਦੋਸਤ ਬਲਬੀਰ ਸਿੰਘ ਰੋਜ਼ਾਨਾ ਫੌਜਾ ਸਿੰਘ ਨੂੰ ਮਿਲਣ ਜਾਂਦਾ ਸੀ। ਹਾਦਸੇ ਮਗਰੋਂ ਉਹ ਬਲਬੀਰ ਸਿੰਘ ਨੂੰ ਸੜਕ ’ਤੇ ਡਿੱਗੇ ਪਏ ਮਿਲੇ ਸਨ। ਬਲਬੀਰ ਸਿੰਘ ਨੇ ਕਿਹਾ, ‘‘ਉਹ ਹੋਸ਼ ਵਿੱਚ ਸਨ ਤੇ ਪਰ ਗਹਿਰੇ ਦਰਦ ’ਚ ਸਨ। ਉਹ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ। ਮੈਂ ਹਮੇਸ਼ਾ ਉਨ੍ਹਾਂ ਦੇ ਨਿੱਘੇ, ਮਜ਼ਾਕੀਆ ਤੇ ਦਿਆਲੂ ਸੁਭਾਅ ਨੂੰ ਯਾਦ ਰੱਖਾਂਗਾ।’’ ਫੌਜਾ ਸਿੰਘ ਦੀ ਨੂੰਹ ਨੇ ਦੱਸਿਆ ਕਿ ਉਹ ਡਾਕਟਰਾਂ ਕੋਲ ਜਾਣ ਤੋਂ ਪ੍ਰਹੇਜ਼ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਦਵਾਈਆਂ ਤੇ ਟੀਕਿਆਂ ਤੋਂ ਨਫ਼ਰਤ ਸੀ। ਜਦੋਂ ਉਹ ਬਿਮਾਰ ਹੁੰਦੇ ਸਨ ਤਾਂ ਕੋਈ ਦਵਾਈ ਨਹੀਂ ਲੈਂਦੇ ਸਨ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਸਾਨੂੰ ਇਸ ਤਰ੍ਹਾਂ ਛੱਡ ਜਾਣਗੇ।
ਵਿਹੜੇ ਵਿੱਚ ਡਿੱਗਿਆ ਕੋਈ ਵੀ ਅੰਬ ਅਜਾਈਂ ਨਹੀਂ ਜਾਣ ਦਿੰਦੇੇ ਸਨ ਫੌਜਾ ਸਿੰਘ
ਅੱਜ ਜਦੋਂ ਪੱਤਰਕਾਰ ਫੌਜਾ ਸਿੰਘ ਦੇ ਘਰ ਗਿਆ, ਤਾਂ ਘਰ ਦੇ ਵਿਹੜੇ ’ਚ ਵੱਡੇ ਦਰੱਖਤ ਤੋਂ ਅੰਬ ਡਿੱਗੇ ਪਏ ਸਨ, ਪਰ ਉਹ (ਫੌਜਾ ਸਿੰਘ) ਹੁਣ ਉਨ੍ਹਾਂ ਨੂੰ ਖਾਣ ਲਈ ਨਹੀਂ ਸਨ। ਉਹ ਘਰ, ਜੋ ਕਦੇ ਫੌਜਾ ਸਿੰਘ ਦੇ ਗੀਤਾਂ ਦੀ ਆਵਾਜ਼ ਨਾਲ ਗੂੰਜਦਾ ਹੁੰਦਾ ਸੀ, ਹੁਣ ਚੁੱਪ ਹੋ ਗਿਆ ਸੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿਤਾ ਜੀ ਵੀ ਡਿੱਗਿਆ ਹੋਇਆ ਇੱਕ ਵੀ ਅੰਬ ਅਜਾਈਂ ਨਹੀਂ ਜਾਣ ਦਿੰਦੇ ਸਨ। ਉਹ ਇੱਕੋ ਵਾਰ ਵਿੱਚ 8 ਤੋਂ 10 ਅੰਬ ਖਾ ਸਕਦੇ ਸਨ। ਹਰਵਿੰਦਰ ਸਿੰਘ ਨੇ ਪਿਤਾ ਬਾਰੇ ਕੁਝ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰਦਾਸ ਮਾਨ ਦੇ ਗੀਤ ‘ਉਮਰਾਂ ’ਚ ਕੀ ਰੱਖਿਆ’, ‘ਦਿਲ ਹੋਣਾ ਚਾਹੀਦਾ ਜਵਾਨ’ ਅਤੇ ‘ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ’ ਆਦਿ ਪਸੰਦ ਸਨ।