ਕਾਰ ਅਤੇ ਟਰੱਕ ਦੀ ਟੱਕਰ ’ਚ ਤਿੰਨ ਨੌਜਵਾਨ ਹਲਾਕ
ਸਤਨਾਮ ਸਿੰਘ ਸੱਤੀ/ਹਰਦੀਪ ਸਿੰਘ ਸੋਢੀ
ਮਸਤੂਆਣਾ ਸਾਹਿਬ/ ਧੂਰੀ, 17 ਦਸੰਬਰ
ਇੱਥੋਂ ਨੇੜਲੇ ਪਿੰਡ ਲੱਡਾ ਨੇੜੇ ਟਰੱਕ ਤੇ ਕਾਰ ਦੀ ਲਟੱਕਰ ਹੋ ਗਈ। ਇਸ ਦੌਰਾਨ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਨੇੜਲੇ ਪਿੰਡ ਕਾਂਝਲਾ ਦੇ ਅਵਤਾਰ ਸਿੰਘ ਪੁੱਤਰ ਜੱਗਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਅਮਨਜੋਤ ਸਿੰਘ ਜੋ 12 ਦਸੰਬਰ ਨੂੰ ਕੈਨੇਡਾ ਤੋਂ ਪਿੰਡ ਕਾਂਝਲਾ ਆਇਆ ਸੀ। ਬੀਤੀ ਰਾਤ ਅਮਨਜੋਤ ਸਿੰਘ ਪੁੱਤਰ ਗੁਰਤੇਜ ਸਿੰਘ ਆਪਣੇ ਦੋਸਤ ਸਤਿਗੁਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਾਂਝਲਾ, ਜਗਸੀਰ ਸਿੰਘ ਜੱਗੀ ਪੁੱਤਰ ਗੁਰਦੇਵ ਸਿੰਘ ਵਾਸੀ ਹਸਨਪੁਰ ਅਤੇ ਗੁਰਸੇਵਕ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਹਸਨਪੁਰ ਨਾਲ ਪਿੰਡ ਕਾਂਝਲੇ ਤੋਂ ਵਾਇਆ ਲੱਡਾ ਹੋ ਕੇ ਸਵਿਫਟ ਕਾਰ ’ਤੇ ਸੰਗਰੂਰ ਵੱਲ ਜਾ ਰਹੇ ਹਨ। ਉਨ੍ਹਾਂ ਹਰਜਿੰਦਰ ਸਿੰਘ ਠੇਕੇਦਾਰ ਕੋਲ ਜ਼ਰੂਰੀ ਕੰਮ ਲਈ ਜਾਣਾ ਸੀ। ਕਾਰ ਜਗਸੀਰ ਸਿੰਘ ਚਲਾ ਰਿਹਾ ਸੀ। ਜਿਉਂ ਹੀ ਉਹ ਲੱਡਾ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਸੰਗਰੂਰ ਵੱਲੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।
ਹਾਦਸੇ ਦੌਰਾਨ ਸਤਿਗੁਰ ਸਿੰਘ ਵਾਸੀ ਕਾਂਝਲਾ ਅਤੇ ਜਗਸੀਰ ਸਿੰਘ ਜੱਗੀ ਵਾਸੀ ਹਸਨਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਅਮਨਜੋਤ ਸਿੰਘ ਵਾਸੀ ਕਾਂਝਲਾ ਤੇ ਗੁਰਸੇਵਕ ਸਿੰਘ ਵਾਸੀ ਹਸਨਪੁਰ ਨੂੰ ਹਸਪਤਾਲ ਪਹੁੰਚਾਇਆ ਗਿਆ। ਅਮਨਜੋਤ ਸਿੰਘ ਕਾਂਝਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅਮਰ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ, ਜਿੱਥੇ ਅਮਨਜੋਤ ਸਿੰਘ ਦੀ ਵੀ ਮੌਤ ਹੋ ਗਈ। ਗੁਰਸੇਵਕ ਸਿੰਘ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਉਧਰ, ਥਾਣਾ ਸਦਰ ਧੂਰੀ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖ਼ਮੀ ਹੈ। ਟਰੱਕ ਟੱਕਰ ਮਗਰੋਂ ਖਤਾਨਾਂ ਵਿੱਚ ਪਲਟ ਗਿਆ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਟਰੱਕ ਟਰਾਲਾ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ਵਿੱਚ ਪੁੱਤਰ ਦੀ ਮੌਤ, ਮਾਂ ਜ਼ਖ਼ਮੀ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸੁਨਾਮ-ਸੂਲਰ ਘਰਾਟ ਸੜਕ ’ਤੇ ਹੋਏ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਅਤੇ ਔਰਤ ਜ਼ਖਮੀ ਹੈ। ਪੁਲੀਸ ਚੌਕੀ ਮਹਿਲਾਂ ਚੌਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਖਡਿਆਲ ਦੇ ਰਹਿਣ ਵਾਲਾ ਗੁਰਵਿੰਦਰ ਸਿੰਘ ਆਪਣੀ ਪਤਨੀ ਹਰਦੀਪ ਕੌਰ ਅਤੇ ਪੁੱਤਰ ਗੁਰਜੋਬਨ ਸਿੰਘ ਸਣੇ ਮੋਟਰਸਾਈਕਲ ’ਤੇ ਦਿੜ੍ਹਬਾ ਤੋਂ ਖਡਿਆਲ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਤਰੰਜੀਖੇੜਾ (ਖਡਿਆਲੀ) ਪਿੰਡ ਨੇੜੇ ਆਏ ਤਾਂ ਅੱਗਿਉਂ ਆ ਰਹੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਵਿੱਚ ਟੱਕਰ ਮਾਰੀ। ਇਸ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਗੁਰਜੋਬਨ ਸਿੰਘ (15) ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਹਰਦੀਪ ਕੌਰ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਉਸ ਨੂੰ ਪਟਿਆਲਾ ਭੇਜ ਦਿੱਤਾ ਗਿਆ। ਪੁਲੀਸ ਵੱਲੋਂ ਅਣਪਛਾਤੇ ਵਾਹਨ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਭਵਾਨੀਗੜ੍ਹ ਨੇੜੇ ਸੜਕ ਹਾਦਸੇ ’ਚ ਵਿਦਿਆਰਥਣ ਦੀ ਮੌਤ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਭਵਾਨੀਗੜ੍ਹ-ਆਲੋਅਰਖ ਲਿੰਕ ਸੜਕ ’ਤੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਸਕੂਲੀ ਵਿਦਿਆਰਥਣ ਹਰਗੁਨ ਕੌਰ (10) ਪੁੱਤਰੀ ਗੁਰਪਿੰਦਰ ਸਿੰਘ ਵਾਸੀ ਭਵਾਨੀਗੜ੍ਹ ਦੀ ਮੌਤ ਹੋ ਗਈ ਜਦੋਂਕਿ ਮੋਟਰਸਾਈਕਲ ਚਾਲਕ ਜ਼ਖ਼ਮੀ ਹੋ ਗਿਆ। ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ ਰਾਹੀਂ ਆਪਣੀ ਮਾਸੀ ਦੀ ਬੇਟੀ ਹਰਗੁਨ ਕੌਰ ਨਾਲ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਇੱਕ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਹਰਗੁਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।