ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਸਥਿਤ ਬੋਪਾਰਾਏ ਕਲਾਂ ਸੰਪਰਕ ਸੜਕ ਦੇ ਮੋੜ ਉੱਤੇ ਬੀਤੀ ਰਾਤ ਟਰੈਕਟਰ-ਟਰਾਲੀ ਨਾਲ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਰਵਿੰਦਰ ਸਿੰਘ, ਮਲਕੀਤ ਸਿੰਘ ਅਤੇ ਆਕਾਸ਼ਦੀਪ ਵਜੋਂ ਹੋਈ ਹੈ, ਜੋ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਦੇ ਵਸਨੀਕ ਸਨ। ਨੌਜਵਾਨਾਂ ਦੀ ਉਮਰ 20 ਤੋਂ 21 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਹਨੇਰੇ ਤੇ ਸੰਘਣੀ ਧੁੰਦ ਕਾਰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਅੱਗੇ ਜਾ ਰਹੀ ਟਰੈਕਟਰ-ਟਰਾਲੀ ਦਿਖਾਈ ਨਹੀਂ ਦਿੱਤੀ ਅਤੇ ਦੁਪਹੀਆ ਵਾਹਨ ਟਰਾਲੀ ਨਾਲ ਟਕਰਾ ਗਿਆ। ਹਾਦਸੇ ਵਿੱਚ ਪਰਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਦੀ ਲਾਸ਼ ਘਟਨਾ ਵਾਲੀ ਥਾਂ ਦੇ ਨੇੜੇ ਖੇਤਾਂ ਵਿੱਚੋਂ ਮਿਲੀ। ਜ਼ਖ਼ਮੀ ਹੋਏ ਦੋ ਨੌਜਵਾਨਾਂ ਨੂੰ ਫੌਰੀ ਸਿਵਲ ਹਸਪਤਾਲ ਸੁਧਾਰ ਦਾਖ਼ਲ ਕਰਵਾਇਆ ਗਿਆ, ਜਿੱਥੋਂ ਗੰਭੀਰ ਹਾਲਤ ਦੇ ਮੱਦੇਨਜ਼ਰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਅੱਜ ਸਵੇਰੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ। ਪਰਵਿੰਦਰ ਸਿੰਘ ਕੋਲੋਂ ਮਿਲੇ ਆਧਾਰ ਕਾਰਡ ਤੋਂ ਮ੍ਰਿਤਕਾਂ ਦੀ ਪਛਾਣ ਸੰਭਵ ਹੋਈ। ਇਸ ਮਗਰੋਂ ਸੁਧਾਰ ਪੁਲੀਸ ਨੇ ਬਰਨਾਲਾ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਅਨੁਸਾਰ ਖੰਡੂਰ ਪਿੰਡ ਦੇ ਟਰੈਕਟਰ ਚਾਲਕ ਸਤਨਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਗੁਰਨਾਮ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਵਿੱਚ ਭੇਜ ਦਿੱਤੀਆਂ ਗਈਆਂ ਹਨ।
ਪਿੰਡ ਗਹਿਲ ਵਿੱਚ ਸੋਗ ਦੀ ਲਹਿਰ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਨੇੜੇ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਮਗਰੋਂ ਹਲਕੇ ਦੇ ਪਿੰਡ ਗਹਿਲ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਆਕਾਸ਼ਦੀਪ ਸਿੰਘ (26) ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ (19) ਪੁੱਤਰ ਸਰਬੀ ਸਿੰਘ ਅਤੇ ਅੰਮ੍ਰਿਤਪਾਲ ਸਿੰਘ (23) ਪੁੱਤਰ ਬੱਗਾ ਸਿੰਘ ਵਾਸੀ ਗਹਿਲ ਵਜੋਂ ਹੋਈ ਹੈ। ਇਹ ਨੌਜਵਾਨ ਸ਼ਨਿਚਰਵਾਰ ਨੂੰ ਪਰਵਿੰਦਰ ਦੀ ਰਿਸ਼ਤੇਦਾਰੀ ਵਿੱਚ ਮੁੱਲਾਂਪੁਰ ਵਿਆਹ ਸਮਾਗਮ ਵਿੱਚ ਗਏ ਸਨ। ਪਰਤਦੇ ਸਮੇਂ ਦੇਰ ਸ਼ਾਮ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਜਣਿਆਂ ਨੇ ਡੀ ਐੱਮ ਸੀ ਹਸਪਤਾਲ ਲੁਧਿਆਣਾ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮੰਦਭਾਗੀ ਘਟਨਾ ਦੀ ਖ਼ਬਰ ਜਿਵੇਂ ਹੀ ਪਿੰਡ ਪੁੱਜੀ ਤਾਂ ਪੂਰੇ ਗਹਿਲ ਵਿੱਚ ਮਾਤਮ ਛਾ ਗਿਆ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਨੌਜਵਾਨਾਂ ਦੀ ਅਚਾਨਕ ਮੌਤ ਕਾਰਨ ਪਿੰਡ ਵਿੱਚ ਸੋਗ ਫੈਲ ਗਿਆ ਹੈ।

