ਜਗਮਨ ਸਮਰਾ ਦੇ ਪਿੰਡ ਫੱਗੂਵਾਲਾ ’ਚੋਂ ਤਿੰਨ ਨੌਜਵਾਨ ਗ੍ਰਿਫ਼ਤਾਰ
ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਦੀ ਗ੍ਰਿਫਤਾਰੀ ਖਿਲਾਫ ਨਾਅਰੇਬਾਜ਼ੀ ਕੀਤੀ
ਨੇੜਲੇ ਪਿੰਡ ਫੱਗੂਵਾਲਾ ਦੇ ਤਿੰਨ ਨੌਜਵਾਨਾਂ ਨੂੰ ਮੂਣਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਇਸ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਿੰਡ ਫੱਗੂਵਾਲਾ ਨਾਲ ਸਬੰਧਤ ਕੈਨੇਡੀਅਨ ਸਿਟੀਜਨ ਜਗਮਨ ਸਮਰਾ ਦੀ ਮੁੱਖ ਮੰਤਰੀ ਭਗਵੰਤ ਮਾਨ ਸਬੰਧੀ ਵਾਇਰਲ ਹੋਈ ਚਰਚਿਤ ਵੀਡੀਓ ਤੋਂ ਘਬਰਾਹਟ ਵਿਚ ਆਈ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪੁਲੀਸ ਵੱਲੋਂ ਪਿੰਡ ਦੇ ਤਿੰਨ ਨੌਜਵਾਨਾਂ ਰਵੀਇੰਦਰ ਸਿੰਘ ਰੋਵੀ, ਰੁਪਿੰਦਰ ਸਿੰਘ ਰੋਮੀ ਅਤੇ ਜਸਵਿੰਦਰ ਸਿੰਘ ਜੱਸੀ ਨੂੰ ਕਥਿਤ ਝੂਠੇ ਪਰਚੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨੌਜਵਾਨਾਂ ਦਾ ਜਗਮਨ ਸਮਰਾ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਧੀਆ ਪਰਿਵਾਰਾਂ ਨਾਲ ਸਬੰਧਤ ਇਹ ਨੌਜਵਾਨ ਆਪਣੀ ਖੇਤੀ ਅਤੇ ਹੋਰ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਪੰਜਾਬ ਪੱਧਰ ਤੇ ਅਵਾਜ਼ ਬੁਲੰਦ ਕਰਨਗੇ। ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ, ਗੁਰਪ੍ਰੀਤ ਸਿੰਘ ਕਾਕਾ ਸਰਪੰਚ, ਰੁਪਿੰਦਰ ਸਿੰਘ ਰੰਧਾਵਾ, ਹਰਵਿੰਦਰ ਸਿੰਘ ਗੋਲਡੀ, ਭਰਪੂਰ ਸਿੰਘ ਫੱਗੂਵਾਲਾ, ਗਮਦੂਰ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਪੂਨੀਆਂ ਅਤੇ ਹਰਜਿੰਦਰ ਸਿੰਘ ਜਲਾਣ ਆਦਿ ਹਾਜ਼ਰ ਸਨ।
ਬਾਅਦ ਵਿਚ ਸਮੂਹ ਆਗੂ ਅਤੇ ਪਿੰਡ ਵਾਸੀਆਂ ਨੇ ਵਫ਼ਦ ਦੇ ਰੂਪ ਵਿੱਚ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਪੁਰਾਣੇ ਪਰਚੇ ਤਹਿਤ ਮੂਣਕ ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੂਬਾ ਆਗੂ ਪ੍ਰਕਾਸ਼ ਚੰਦ ਗਰਗ ਨੇ ਵੀ ਪਿੰਡ ਫੱਗੂਵਾਲਾ ਦੇ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ।

