ਤੇਜ਼ ਰਫ਼ਤਾਰ ਕਾਰ ਨੇ ਤਿੰਨ ਸਾਲਾ ਬੱਚੇ ਨੂੰ ਦਰੜਿਆ, ਮੌਤ
ਬੱਚੇ ਨੂੰ ਮੁੰਡਨ ਲਈ ਲਿਜਾ ਰਿਹਾ ਸੀ ਪਰਿਵਾਰ; ਗੱਡੀ ਚਾਲਕ ਕਾਬੂ
ਪੱਤਰ ਪ੍ਰੇਰਕ
ਜਲੰਧਰ, 21 ਅਪਰੈਲ
ਇਥੇ ਹਾਦਸੇ ਵਿੱਚ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਸ਼ਨਪੁਰਾ ਦੇ ਤ੍ਰਿਪੁਰ ਵਜੋਂ ਹੋਈ ਹੈ। ਬੇਕਾਬੂ ਐੱਸਯੂਵੀ ਕਾਰ ਨੇ ਬੱਚੇ ਨੂੰ ਦਰੜ ਦਿੱਤਾ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਬੱਚੇ ਨੂੰ ਮੁੰਡਨ ਲਈ ਲੈ ਕੇ ਜਾ ਰਿਹਾ ਸੀ। ਘਟਨਾ ਤੋਂ ਤੁਰੰਤ ਬਾਅਦ ਕਾਰ ਚਾਲਕ ਗੱਡੀ ਸਣੇ ਭੱਜ ਗਿਆ। ਹਾਲਾਂਕਿ ਪੁਲੀਸ ਨੇ
ਫਰਾਰ ਹੋਏ ਗੱਡੀ ਚਾਲਕ ਨੂੰ ਰਾਮਾਂ ਮੰਡੀ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦਾ ਪਿਤਾ ਲੱਕੀ ਢਾਬਾ ਚਲਾਉਂਦਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੀਆਂ ਅਰਦਾਸਾਂ ਕਰਨ ’ਤੇ ਵਿਆਹ ਤੋਂ ਅੱਠ ਸਾਲ ਮਗਰੋਂ ਬੱਚੇ ਦਾ ਜਨਮ ਹੋਇਆ ਸੀ। ਮ੍ਰਿਤਕ ਦੇ ਚਾਚਾ ਹਰੀਸ਼ ਨੇ ਦੱਸਿਆ ਹੈ ਕਿ ਇਹ ਹਾਦਸਾ ਸੋਮਵਾਰ ਸਵੇਰੇ 6.30 ਵਜੇ ਕਿਸ਼ਨਪੁਰਾ ਤੋਂ ਦੋਮੋਰੀਆ ਪੁਲ ਵੱਲ ਆ ਰਹੀ ਸੜਕ ’ਤੇ ਵਾਪਰਿਆ। ਬੱਚੇ ਦਾ ਪਰਿਵਾਰ ਵੀ ਉਸ ਦੇ ਨਾਲ ਖੜ੍ਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਆਈ ਅਤੇ ਕੁੱਤੇ ਨੂੰ ਕੁਚਲ ਦਿੱਤਾ। ਹਰੀਸ਼ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਕੁੱਤੇ ਵੱਲ ਗਿਆ ਹੀ ਸੀ ਕਿ ਡਰਾਈਵਰ ਨੇ ਦੁਬਾਰਾ ਕਾਰ ਤੇਜ਼ ਕਰ ਦਿੱਤੀ ਅਤੇ ਬੱਚੇ ਨੂੰ ਕੁਚਲਦੇ ਹੋਏ ਭੱਜ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਨੂੰ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਹ ਕਾਰ ਦੇ ਪਿੱਛੇ ਭੱਜੇ ਪਰ ਮੁਲਜ਼ਮ ਨੂੰ ਫੜ ਨਹੀਂ ਸਕੇ। ਜ਼ਖ਼ਮੀ ਬੱਚੇ ਨੂੰ ਪਹਿਲਾਂ ਮੈਟਰੋ ਅਤੇ ਫਿਰ ਕਪੂਰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਚੁੱਕੀ ਸੀ। ਇਸ ਮਾਮਲੇ ਵਿੱਚ ਪੁਲੀਸ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਨੂੰ ਫੜ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।