ਜਗਰਾਉਂ ਦੇ ਤਿੰਨ ਪਿੰਡਾਂ ਨੇ ਲੈਂਡ ਪੂਲਿੰਗ ਖ਼ਿਲਾਫ ਸੰਘਰਸ਼ ਦਾ ਮੁੱਢ ਬੰਨ੍ਹਿਆ
ਜਸਬੀਰ ਸਿੰਘ ਸ਼ੇਤਰਾ
ਲੈਂਡ ਪੂਲਿੰਗ ਨੀਤੀ ਦੇ ਚਲਦੇ ਜ਼ਬਰਦਸਤ ਵਿਰੋਧ ਦੇ ਦਰਮਿਆਨ ਹੀ ਅੱਜ ਇਸ ਨੀਤੀ ਖ਼ਿਲਾਫ਼ ਸੰਘਰਸ਼ ਦਾ ਮੁੱਢ ਬੰਨ੍ਹਣ ਵਾਲੇ ਪਿੰਡ ਮਲਕ, ਪੋਨਾ ਤੇ ਅਲੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਵਾਲੇ ਵੱਡੇ ਬੋਰਡ ਲੱਗ ਗਏ। ਜਗਰਾਉਂ ਇਲਾਕੇ ਦੇ ਇਨ੍ਹਾਂ ਤਿੰਨਾਂ ਪਿੰਡਾਂ ਤੋਂ ਇਲਾਵਾ ਅਗਵਾੜ ਗੁੱਜਰਾਂ ਦੀ ਵੀ ਜ਼ਮੀਨ ਇਸ ਨੀਤੀ ਦੀ ਮਾਰ ਹੇਠ ਹੈ। ਕੁੱਲ ਪੰਜ ਸੌ ਏਕੜ ਤੋਂ ਵਧੇਰੇ ਜ਼ਮੀਨ ਵਾਲੇ ਇਨ੍ਹਾਂ ਚਾਰ ਪਿੰਡਾਂ ਦੀ ਹੀ ਹੋਣ ਕਰਕੇ ਇਨ੍ਹਾਂ ਨੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਣਾਈ ਹੈ।
ਇਸੇ ਕਮੇਟੀ ਵੱਲੋਂ ਅੱਜ ਐਤਵਾਰ ਨੂੰ ਤਿੰਨ ਪਿੰਡਾਂ ਵਿੱਚ ਅਜਿਹੇ ਬੋਰਡ ਲਗਾਏ ਗਏ ਹਨ। ਇਹ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਰਿਹਾ। ਵੇਰਵਿਆਂ ਮੁਤਾਬਕ ਸਭ ਤੋਂ ਪਹਿਲਾਂ ਸਵੇਰ ਸਮੇਂ ਪਿੰਡ ਪੋਨਾ ਵਿੱਚ ਅਜਿਹੇ ਬੋਰਡ ਲੱਗੇ। ਇਨ੍ਹਾਂ ’ਤੇ ਸਾਫ਼ ਸਪੱਸ਼ਟ ਸ਼ਬਦਾਂ ਵਿੱਚ ਉੱਕਰਿਆ ਹੋਇਆ ਹੈ ਕਿ ਜਿੰਨੀ ਦੇਰ ਤਕ ਲੈਂਡ ਪੂਲਿੰਗ ਨੀਤੀ ਰੱਦ ਨਹੀਂ ਹੁੰਦੀ, ਓਨੀ ਦੇਰ ਤਕ ‘ਆਪ’ ਦਾ ਕੋਈ ਵੀ ਆਗੂ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
ਬੋਰਡਾਂ ਦੇ ਉੱਪਰ ਖੱਬੇ ਪਾਸੇ ਅਰਵਿੰਦ ਕੇਜਰੀਵਾਲ ਦੇ ਮਗਰ ਪੰਜਾਬੀਆਂ ਦੀ ਦੌੜਦੇ ਦੀ ਤਸਵੀਰ ਅਤੇ ਸੱਜੇ ਪਾਸੇ ਅਜਿਹੀ ਹੀ ਭਗਵੰਤ ਮਾਨ ਦੀ ਤਸਵੀਰ ਲਾਈ ਹੋਈ ਹੈ। ਇਨ੍ਹਾਂ ਤਸਵੀਰਾਂ ਦੇ ਉੱਪਰ ਕੇਜਰੀਵਾਲ-ਭਗਵੰਤ ਮਾਨ ਭਜਾਓ, ਪੰਜਾਬ ਬਚਾਓ ਲਿਖਿਆ ਹੋਇਆ ਹੈ। ਪਿੰਡ ਪੋਨਾ ਵਿੱਚ ਇਹ ਬੋਰਡ ਲੱਗਣ ਦੀ ਖ਼ਬਰ ਤੇਜ਼ੀ ਨਾਲ ਫੈਲ ਗਈ ਪਰ ਥੋੜ੍ਹੀ ਹੀ ਦੇਰ ਵਿੱਚ ਜਗਰਾਉਂ ਪੱਤੀ ਮਲਕ ਅਤੇ ਅਲੀਗੜ੍ਹ ਵਿੱਚ ਵੀ ਅਜਿਹੇ ਬੋਰਡ ਗੱਡੇ ਹੋਏ ਮਿਲੇ। ਸੰਘਰਸ਼ ਕਮੇਟੀ ਦੇ ਆਗੂਆਂ ਦੀਦਾਰ ਸਿੰਘ ਮਲਕ, ਸਰਪੰਚ ਹਰਦੀਪ ਸਿੰਘ ਲਾਲੀ, ਸਾਬਕਾ ਸਰਪੰਚ ਨਿਰਭੈ ਸਿੰਘ ਸਿੱਧੂ ਅਲੀਗੜ੍ਹ, ਸਰਪੰਚ ਹਰਪ੍ਰੀਤ ਸਿੰਘ ਪੋਨਾ, ਸਰਪੰਚ ਬਲਦੇਵ ਸਿੰਘ, ਸ਼ਿੰਦਰਪਾਲ ਸਿੰਘ ਢਿੱਲੋਂ, ਬੂਟਾ ਸਿੰਘ ਮਲਕ, ਪਰਵਾਰ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਸਾਫ਼ ਕਰ ਦਿੱਤਾ ਸੀ ਪਰ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਉਹ ਬੋਰਡ ਲਾਉਣ ਲਈ ਮਜਬੂਰ ਹੋਏ ਹਨ ਕਿਉਂਕਿ ਮਸਲਾ ਉਨ੍ਹਾਂ ਦੇ ਭਵਿੱਖ ਦਾ ਹੈ। ‘ਆਪ’ ਆਗੂ ਗੋਪੀ ਸ਼ਰਮਾ ਨੇ ਬੋਰਡ ਲਾਉਣ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਕਿ ਅਜਿਹੇ ਟਕਰਾਅ ਤੋਂ ਬਚਣਾ ਚਾਹੀਦਾ ਹੈ।
ਰੁਝਾਨ ਆਉਣੇ ਸ਼ੁਰੂ ਹੋਏ: ਬਿੱਟੂ
ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਗਰਾਉਂ ਇਲਾਕੇ ਦੇ ਤਿੰਨ ਪਿੰਡਾਂ ਵਿੱਚ ਲੱਗੇ ‘ਆਪ’ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਵਾਲੇ ਬੋਰਡਾਂ ਬਾਰੇ ਕਿਹਾ ਕਿ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਕੇਜਰੀਵਾਲ-ਸਿਸੋਦੀਆ ਹੋਰਾਂ ਮਗਰ ਲੱਗ ਕੇ ਪੰਜਾਬ ਤੇ ਆਪਣਾ ਝੁੱਗਾ ਚੌੜ ਨਹੀਂ ਕਰਵਾਉਣਾ ਚਾਹੀਦਾ, ਨਹੀਂ ਤਾਂ ਪੰਜਾਬ ਤੇ ਪੰਜਾਬੀ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।