ਲੋਹੇ ਦੇ ਮੰਜੇ ’ਚ ਕਰੰਟ ਆਉਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ
ਬਿਜਲੀ ਵਾਲੇ ਪੱਖੇ ਤੋਂ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ
Advertisement
ਅਨਾਜ ਮੰਡੀ ਪਾਤੜਾਂ ਦੇ ਪੰਜ ਕਿੱਲਿਆਂ ਵਾਲੇ ਫੜਾਂ ਨੇੜੇ ਪਲਾਟ ’ਚ ਕਿਰਾਏ ’ਚ ਰਹਿੰਦੇ ਪਰਵਾਸੀ ਮਜ਼ਦੂਰ ਪਰਿਵਾਰ ਦੀਆਂ ਤਿੰਨ ਮਾਸੂਮ ਲੜਕੀਆਂ ਦੀ ਅੱਜ ਬਾਅਦ ਦੁਪਹਿਰ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਲੜਕੀਆਂ ਬਿਹਾਰ ਤੋਂ ਪਾਤੜਾਂ ਵਿੱਚ ਕੰਮ ਕਰਨ ਆਏ ਪਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਤ ਸਨ। ਹਾਦਸੇ ਦਾ ਸ਼ਿਕਾਰ ਹੋਈਆਂ ਤਿੰਨੋਂ ਲੜਕੀਆਂ ਸਕੀਆਂ ਭੈਣਾਂ ਸਨ ਜੋ ਹਾਦਸੇ ਸਮੇਂ ਘਰ ’ਚ ਇਕੱਲੀਆਂ ਸਨ ਤੇ ਉਨ੍ਹਾਂ ਦੇ ਮਾਤਾ-ਪਿਤਾ ਮਜ਼ਦੂਰੀ ਲਈ ਬਾਹਰ ਗਏ ਸਨ। ਘਟਨਾ ਦਾ ਪਤਾ ਲੱਗਣ ’ਤੇ ਪਾਵਰਕੌਮ ਤੇ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਲੜਕੀਆਂ ਦੀ ਪਛਾਣ ਨਗਮਾ ਖਾਤਿਮ (7) ਰੁਖ਼ਸਾਰ ਖਾਤਿਮ (5) ਅਤੇ ਖੁਸ਼ੀ ਖਾਤਿਮ (3) ਪੁੱਤਰੀਆਂ ਮੁਹੰਮਦ ਫਾਰੂਕਦੀਨ ਵਾਸੀ ਪਿੰਡ ਲੱਖਰਾ ਬਸਤੀ ਜ਼ਿਲ੍ਹਾ ਰਈਆ (ਬਿਹਾਰ) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਬਾਅਦ 2 ਕੁ ਵਜੇ ਵਾਪਰੀ, ਜਦੋਂ ਲੜਕੀਆਂ ਦੇ ਮਾਪੇ ਕੰਮ ਤੋਂ ਵਾਪਸ ਆਏ ਤਾਂ ਤਿੰਨੋਂ ਧੀਆਂ ਘਰ ਅੰਦਰ ਬੇਹੋਸ਼ ਪਈਆਂ ਸਨ। ਪਤਾ ਲੱਗਾ ਹੈ ਕਿ ਘਰ ’ਚ ਲਾਇਆ ਹੋਇਆ ਬਿਜਲੀ ਵਾਲਾ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ, ਜਿਸ ’ਤੇ ਤਿੰਨੋਂ ਬੱਚੀਆਂ ਸੁੱਤੀਆਂ ਹੋਈਆਂ ਸਨ। ਅਚਾਨਕ ਪੱਖੇ ਦੀ ਤਾਰ ਦੀ ਲੋਹੇ ਦੇ ਮੰਜੇ ਦੇ ਇੱਕ ਹਿੱਸੇ ਨੂੰ ਛੂਹ ਗਈ, ਜਿਸ ਕਾਰਨ ਮੰਜੇ ’ਚ ਕਰੰਟ ਆ ਗਿਆ ਤੇ ਤਿੰਨੋਂ ਸਕੀਆਂ ਭੈਣਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Advertisement
Advertisement