ਡੇਰਾ ਬਿਆਸ ਜਾ ਰਹੇ ਤਿੰਨ ਸ਼ਰਧਾਲੂਆਂ ਦੀ ਸੜਕ ਹਾਦਸੇ ’ਚ ਮੌਤ; 15 ਜ਼ਖ਼ਮੀ
ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 28 ਜੂਨ
ਇੱਥੇ ਪਿੰਡ ਰਾਮਪੁਰ ਬਿਲੜੋਂ ਤੋਂ ਡੇਰਾ ਰਾਧਾ ਸੁਆਮੀ ਬਿਆਸ ਜਾ ਰਹੇ ਸ਼ਰਧਾਲੂਆਂ ਦਾ ਵਾਹਨ (ਛੋਟਾ ਹਾਥੀ) ਅੰਮ੍ਰਿਤਸਰ-ਜਲੰਧਰ ਹਾਈਵੇਅ ’ਤੇ ਕਸਬਾ ਢਿੱਲਵਾਂ ਨੇੜੇ ਸਾਹਮਣਿਓਂ ਆ ਰਹੀ ਕਾਰ ਨਾਲ ਟਕਰਾਅ ਗਿਆ। ਇਸ ਹਾਦਸੇ ਵਿੱਚ ਬਜ਼ੁਰਗ ਜੋੜੇ ਸਣੇ ਲੜਕੀ ਦੀ ਮੌਤ ਹੋ ਗਈ ਹੈ ਜਦ ਕਿ ਵਾਹਨ ਵਿੱਚ ਸਵਾਰ ਕਰੀਬ 15 ਸ਼ਰਧਾਲੂ ਗੰਭੀਰ ਜ਼ਖਮੀ ਹੋਏ ਗਏ ਹਨ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ।
ਸਰਪੰਚ ਖੇਮਰਾਜ ਨੇ ਦੱਸਿਆ ਕਿ ਇਹ ਸੰਗਤ ਡੇਰਾ ਰਾਧਾ ਸੁਆਮੀ ਬਿਆਸ ਵਿੱਚ ਹੋ ਰਹੇ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਜਾ ਰਹੀ ਸੀ ਕਿ ਢਿੱਲਵਾਂ ਕਸਬੇ ਨੇੜੇ ਸ਼ਰਧਾਲੂਆਂ ਨਾਲ ਭਰੇ ਵਾਹਨ ਦੀ ਟੱਕਰ ਕਾਰ ਨਾਲ ਹੋ ਗਈ। ਮ੍ਰਿਤਕਾਂ ਦੀ ਪਛਾਣ ਕਲਿਆਣ ਸਿੰਘ (75), ਪਤਨੀ ਸੁਮਿਤਰਾ ਦੇਵੀ ਵਜੋਂ ਹੋਈ ਹੈ। ਹਾਦਸੇ ਵਿੱਚ ਲੜਕੀ ਸੰਜਨਾ ਦੇਵੀ ਪੁੱਤਰੀ ਪਵਨਜੀਤ ਦੀ ਵੀ ਮੌਤ ਹੋ ਗਈ, ਜੋ ਐੱਮਏ ਦੀ ਵਿਦਿਆਰਥਣ ਸੀ। ਹਾਦਸੇ ਦੌਰਾਨ ਜ਼ਖਮੀ ਹੋਏ 15 ਵਿਅਕਤੀਆਂ ਨੂੰ ਡੇਰਾ ਬਿਆਸ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।