ਡਰੇਨ ਵਿੱਚ ਆਟੋ ਡਿੱਗਣ ਕਾਰਨ ਤਿੰਨ ਸਵਾਰੀਆਂ ਦੀ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਅਗਸਤ
ਪਾਤੜਾਂ ਨੇੜੇ ਜਾਖਲ ਰੋਡ ਸਥਿਤ ਝੰਬੋ ਵਾਲੀ ਚੋਅ ’ਤੇ ਬਿਨਾਂ ਰੇਲਿੰਗ ਤੋਂ ਪੁਲ ਉੱਪਰੋਂ ਅੱਜ ਸਵਾਰੀਆਂ ਦਾ ਭਰਿਆ ਇੱਕ ਆਟੋ ਡਰੇਨ ਵਿੱਚ ਡਿੱਗ ਗਿਆ। ਇਸ ਦੌਰਾਨ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦ ਕਿ ਪੰਜ ਬੱਚਿਆਂ ਸਮੇਤ 12 ਸਵਾਰੀਆਂ ਨੂੰ ਸੱਟਾਂ ਵੱਜੀਆਂ ਹਨ। ਹਾਲਤ ਗੰਭੀਰ ਹੋਣ ਕਾਰਨ ਤਿੰਨ ਜਣਿਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਜ਼ਖ਼ਮੀ ਪਾਤੜਾਂ ਵਿੱਚ ਹੀ ਜ਼ੇਰੇ ਇਲਾਜ ਹਨ।
ਦੱਸਣਯੋਗ ਹੈ ਕਿ ਇਹ ਸਾਰੇ ਹਰਿਆਣਾ ਦੇ ਜਾਖਲ ਸ਼ਹਿਰ ਤੋਂ ਇਸ ਆਟੋ ਰਾਹੀਂ ਸ੍ਰੀ ਖਾਟੂ ਸ਼ਿਆਮ ਮੰਦਿਰ ਪਾਤੜਾਂ ਵਿੱਚ ਮੱਥਾ ਟੇਕਣ ਆ ਰਹੇ ਸਨ। ਜਿਵੇਂ ਹੀ ਇਹ ਟੈਂਪੂ ਪਾਤੜਾਂ ਤੋਂ ਪਿਛਾਂਹ ਹੀ ਸਥਿਤ ਪਿੰਡ ਖਾਨੇਵਾਲ ਦੇ ਨਜ਼ਦੀਕ ਝੰਬੋ ਚੋਅ ਵਜੋਂ ਮਸ਼ਹੂਰ ਭੁਪਿੰਦਰਾ ਸਾਗਰ ਡਰੇਨ ਦੇ ਪੁਲ ’ਤੇ ਪੁੱਜਿਆ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਇਹ ਟੈਂਪੂ ਡਰੇਨ ਵਿੱਚ ਡਿੱਗ ਗਿਆ। ਦੱਸਣਯੋਗ ਹੈ ਕਿ ਇਸ ਪੁਲ ਦੀ ਰੇਲਿੰਗ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਹੈ। ਇਸ ਟੁੱਟੀ ਰੇਲਿੰਗ ਕਾਰਨ ਬੇਕਾਬੂ ਆਟੋ ਸਣੇ ਡਿੱਗੀਆਂ ਸਵਾਰੀਆਂ ਦਾ ਚੀਕ ਚਿਹਾੜਾ ਸੁਣ ਕੇ ਭਾਵੇਂ ਰਾਹਗੀਰਾਂ ਨੇ ਜਲਦੀ ਹੀ ਸਾਰਿਆਂ ਨੂੰ ਜਲਦੀ ਹੀ ਬਾਹਰ ਕੱਢ ਲਿਆ ਪਰ ਰੇਨੂੰ ਰਾਣੀ ਅਤੇ ਗੀਤਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਬਾਕੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਕ ਹੋਰ ਮਹਿਲਾ ਕਮਲੇਸ਼ ਰਾਣੀ ਦੀ ਵੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮੌਤ ਹੋ ਗਈ ਜਦਕਿ ਲਵਪ੍ਰੀਤ ਸਿੰਘ, ਕ੍ਰਿਸ਼ਨਾ ਰਾਣੀ ਤੇ ਜਾਨਵੀ ਸ਼ਰਮਾ ਪਟਿਆਲਾ ਵਿਚਲੇ ਹਸਪਤਾਲ ’ਚ ਜ਼ੇਰੇ ਇਲਾਜ ਹਨ ਤੇ ਬਾਕੀ ਜ਼ਖ਼ਮੀਆਂ ਦਾ ਪਾਤੜਾਂ ਵਿੱਚ ਹੀ ਇਲਾਜ ਚੱਲ ਰਿਹਾ ਹੈ।