ਬੇਕਾਬੂ ਟਰਾਲੇ ਦੀ ਲਪੇਟ ’ਚ ਆ ਕੇ ਤਿੰਨ ਹਲਾਕ, ਤਿੰਨ ਜ਼ਖ਼ਮੀ
ਕੇਪੀ ਸਿੰਘ
ਗੁਰਦਾਸਪੁਰ, 27 ਅਗਸਤ
ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਹੇ ਇੱਕ ਬੇਕਾਬੂ ਟਰਾਲੇ ਨੇ ਪਿੰਡ ਚਾਵਾ ਨੇੜੇ ਅੱਧੀ ਦਰਜਨ ਵਿਅਕਤੀਆਂ ਨੂੰ ਦਰੜ ਦਿੱਤਾ ਅਤੇ ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਟਰਾਲਾ ਚਾਲਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 9 ਵਜੇ ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਿਹਾ ਇਹ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਰੇਹੜੀਆਂ ਨੂੰ ਦਰੜਨ ਮਗਰੋਂ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਦੋ ਦੁਕਾਨਾਂ ਵਿੱਚ ਜਾ ਵੱਜਿਆ। ਇਸ ਟਰਾਲੇ ਦੀ ਲਪੇਟ ਵਿੱਚ ਆ ਕੇ ਅੱਧਾ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਇਸ ਟਰਾਲੇ ਦੀ ਟੱਕਰ ਕਾਰਨ ਦੋ ਦੁਕਾਨਾਂ ਵੀ ਬੁਰੀ ਤਰ੍ਹਾਂ ਟੁੱਟ ਗਈਆਂ ਹਨ। ਇੱਕ ਦੁਕਾਨ ਅੰਦਰ ਬੈਠੇ ਵਿਅਕਤੀ ਨੇ ਭੱਜ ਕੇ ਆਪਣੀ ਜਾਨ ਬਚਾਈ। ਜ਼ਖਮੀਆਂ ਵਿਚੋਂ ਇੱਕ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈੱਫ਼ਰ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਪਿੰਡ ਨੰਗਲ ਅਤੇ ਬਿਹਾਰ ਵਾਸੀ ਕਿਰਨ ਦਾਸ ਅਤੇ ਸੁਲੇਮਾਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਚਾਲਕ ਨਸ਼ੇ ਦੀ ਹਾਲਤ ’ਚ ਸੀ ਤੇ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ।