ਸ਼ਹਿਰ ਦੇ ਹਨੂੰਮਾਨਗੜ੍ਹ ਰੋਡ ’ਤੇ ਅੱਜ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਟਰੈਕਟਰ ਟਰਾਲੀ ਸਵਾਰ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਔਰਤ ਦੀ ਅਗਰੋਹਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿੱਚ 6 ਜਣੇ ਜ਼ਖਮੀ ਹੋ ਗਏ। ਏਲਨਾਬਾਦ ਦੇ ਹਨੂੰਮਾਨਗੜ੍ਹ ਰੋਡ ’ਤੇ ਆਕਾਲ ਅਕੈਡਮੀ ਦੇ ਨੇੜੇ ਸਿਰਸਾ ਤੋਂ ਹਨੂੰਮਾਨਗੜ੍ਹ ਜਾ ਰਹੀ ਹਰਿਆਣਾ ਰੋਡਵੇਜ਼ ਬੱਸ ਨੇ ਅੱਗੇ ਜਾ ਰਹੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟਰੈਕਟਰ ਟਰਾਲੀ ਵਿੱਚ ਸਵਾਰ ਮਜ਼ਦੂਰ ਨਰਮਾ ਚੁਗਣ ਲਈ ਜਾ ਰਹੇ ਸਨ। ਬੱਸ ਦੀ ਟੱਕਰ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਟਰਾਲੀ ਵਿੱਚ ਸਵਾਰ ਔਰਤਾਂ ਤੇ ਹੋਰ ਮਜ਼ਦੂਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਏਲਨਾਬਾਦ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋ ਔਰਤਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਵਿਮਲਾ (40) ਪਤਨੀ ਸੁਭਾਸ਼ ਵਾਸੀ ਵਾਰਡ ਨੰਬਰ 6 ਏਲਨਾਬਾਦ, ਕ੍ਰਿਸ਼ਨਾ (53 ) ਪਤਨੀ ਰਣਜੀਤ ਸਿੰਘ ਵਾਸੀ ਵਾਰਡ ਨੰਬਰ 5 ਏਲਨਾਬਾਦ ਅਤੇ ਬਿਮਲਾ (60) ਪਤਨੀ ਲਸ਼ਮਣ ਦਾਸ ਵਾਸੀ ਵਾਰਡ ਨੰਬਰ 5 ਏਲਨਾਬਾਦ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਸਰੋਜ (40) ਪਤਨੀ ਅਮਰ ਸਿੰਘ ਵਾਸੀ ਵਾਰਡ ਨੰਬਰ 6 ਏਲਨਾਬਾਦ, ਰੋਸ਼ਨੀ (42) ਪਤਨੀ ਸੋਨੂੰ ਵਾਸੀ ਵਾਰਡ ਨੰਬਰ 5 ਏਲਨਾਬਾਦ, ਰਾਜਬਾਲਾ (47) ਪਤਨੀ ਸਤਪਾਲ ਵਾਸੀ ਵਾਰਡ ਨੰਬਰ 5 ਏਲਨਾਬਾਦ, ਸ਼ਾਰਦਾ ਦੇਵੀ (52) ਪਤਨੀ ਪੱਪੂ ਵਾਸੀ ਵਾਰਡ ਨੰਬਰ 6 ਏਲਨਾਬਾਦ, ਸੁਨੀਤਾ (36) ਪਤਨੀ ਗੁਰਦਿਆਲ ਵਾਸੀ ਵਾਰਡ ਨੰਬਰ 6 ਏਲਨਾਬਾਦ ਅਤੇ ਸੁਭਾਸ਼ (52) ਪੁੱਤਰ ਕ੍ਰਿਸ਼ਨ ਲਾਲ ਵਾਸੀ ਮੁਮੇਰਾ ਕਲਾਂ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਰੈਫਰ ਕਰ ਦਿੱਤਾ ਗਿਆ ਹੈ। ਬਾਅਦ ਵਿੱਚ ਅਗਰੋਹਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਬਿਮਲਾ ਪਤਨੀ ਲਸ਼ਮਣ ਦੀ ਵੀ ਮੌਤ ਹੋ ਗਈ। ਥਾਣਾ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਕ੍ਰਿਸ਼ਨਾ ਦੇ ਬੇਟੇ ਸੂਰਜ ਕੁਮਾਰ ਉਰਫ ਰੋਹਤਾਸ ਦੇ ਬਿਆਨ ਦੇ ਆਧਾਰ ਤੇ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
+
Advertisement
Advertisement
Advertisement
Advertisement
×