ਸੜਕ ਹਾਦਸੇ ’ਚ ਤਿੰਨ ਹਲਾਕ; ਚਾਰ ਗੰਭੀਰ ਜ਼ਖ਼ਮੀ
ਗਿਅਾਰਾਂ ਸਾਲਾ ਬੱਚੇ ਤੇ ਦੋ ਅੌਰਤਾਂ ਦੀ ਥਾਏਂ ਹੋੲੀ ਮੌਤ; ਕਾਰ ਸੜਕ ਕਿਨਾਰੇ ਦਰਖ਼ਤਾਂ ਨਾਲ ਟਕਰਾਈ; ਜ਼ਖ਼ਮੀਆਂ ਨੂੰ ਕੋਟਕਪੂਰਾ ਰੈਫ਼ਰ ਕੀਤਾ
Road Accident: ਇੱਥੋਂ ਕਰੀਬ ਪੰਜ ਕਿਲੋਮੀਟਰ ਦੂਰ ਜੈਤੋ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਚੰਦਭਾਨ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਸਵਾਰ ਦੋ ਮਹਿਲਾਵਾਂ ਅਤੇ ਇੱਕ 11 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਹਾਦਸਾ ਦਿਨੇ ਕਰੀਬ 2 ਕੁ ਵਜੇ ਵਾਪਰਿਆ ਤੇ ਪਰਿਵਾਰ ਦੇ ਲੋਕ ਕਾਰ ਵਿਚ ਸਵਾਰ ਹੋ ਕੇ ਪਿੰਡ ਚੰਦਭਾਨ ਤੋਂ ਜੈਤੋ ‘ਬਰਾੜ ਪੈਲੇਸ’ ਵਿੱਚ ਇੱਕ ਵਿਆਹ ਦੀ ਰਸਮ ’ਚ ਸ਼ਾਮਲ ਹੋਣ ਆ ਰਹੇ ਸਨ। ਉਨ੍ਹਾਂ ਦੀ ਕਾਰ ਹਾਲੇ ਪਿੰਡ ਤੋਂ ਤਕਰੀਬਨ ਇੱਕ ਕਿਲੋਮੀਟਰ ਜੈਤੋ ਵੱਲ ਆਈ ਹੀ ਸੀ ਕਿ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰਖ਼ਤਾਂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਹਾਦਸੇ ’ਚ ਦਲਿਤ ਪਰਿਵਾਰਾਂ ਨਾਲ ਸਬੰਧਤ ਤਿੰਨ ਜਣੇ ਮੌਕੇ ’ਤੇ ਹੀ ਮਾਰੇ ਗਏ, ਜਦ ਕਿ ਗੰਭੀਰ ਹਾਲਤ ’ਚ 4 ਜਣਿਆਂ ਨੂੰ ਮੌਕੇ ’ਤੇ ਪੁੱਜੀਆਂ ਜੈਤੋ ਦੇ ਸਮਾਜ ਸੇਵੀ ਸੰਗਠਨਾਂ ਦੀਆਂ ਐਂਬੂਲੈਂਸਾਂ ਰਾਹੀਂ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ। ਸਥਿਤੀ ਦੀ ਨਾਜ਼ੁਕਤਾ ਦੇ ਮੱਦੇਨਜ਼ਰ ਡਾਕਟਰਾਂ ਨੇ ਉਨ੍ਹਾਂ ਨੂੰ ਅੱਗੇ ਸਿਵਲ ਹਸਪਤਾਲ ਕੋਟਕਪੂਰਾ ਰੈਫ਼ਰ ਕਰ ਦਿੱਤਾ। ਹਾਦਸੇ ਦੀ ਵਜ੍ਹਾ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ। ਹੋਰ ਵਿਸਥਾਰਤ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

